16ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸ਼ੈਸ਼ਨ ਅੱਜ ਤੋਂ ਸ਼ੁਰੂ
ਪਹਿਲੀ ਵਾਰ ਕੋਈ ਵੀ ਸਾਬਕਾ ਮੁੱਖ ਮੰਤਰੀ ਨਹੀਂ ਹੋਵੇਗਾ ਵਿਧਾਨ ਸਭਾ ਵਿੱਚ ਹਾਜ਼ਰ
90 ਵਿਧਾਇਕ ਪਹਿਲੀ ਵਾਰ ਚੜ੍ਹਨਗੇ ਵਿਧਾਨ ਸਭਾ ਦੀਆਂ ਪੌੜੀਆਂ,ਸਭ ਤੋਂ ਵੱਧ ‘ਆਪ’ ਦੇ
ਪੜ੍ਹੋ ਹੋਰ ਕਿਹੜੇ ਵੱਡੇ ਚਿਹਰੇ ਰਹਿਣਗੇ ਗੈਰ-ਹਾਜ਼ਰ
ਚੰਡੀਗੜ੍ਹ,17 ਮਾਰਚ(ਵਿਸ਼ਵ ਵਾਰਤਾ)-ਅੱਜ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਪਹਿਲੇ ਸ਼ੈਸ਼ਨ ਦਾ ਪਹਿਲਾ ਦਿਨ ਹੈ। ਸ਼ੈਸ਼ਨ ਦੀ ਸ਼ੁਰੂਆਤ 11 ਵਜੇ ਹੋਵੇਗੀ। ਅੱਜ ਪੰਜਾਬ ਦੇ ਨਵੇਂ ਚੁਣੇ ਵਿਧਾਇਕ ਸਹੁੰ ਚੁੱਕਣਗੇ। ਇਸ ਸ਼ੈਸ਼ਨ ਦੀ ਸਭ ਤੋਂ ਖਾਸ ਗੱਲ ਇਹ ਰਹਿਣ ਵਾਲੀ ਹੈ ਕਿ ਇਸ ਵਾਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਦੀ ਸਿਆਸਤ ਦੇ ਦਿੱਗਜ ਆਗੂ ਵਿਧਾਨ ਸਭਾ ਵਿੱਚ ਪਹੁੰਚਣ ਵਿੱਚ ਕਾਮਯਾਬ ਨਹੀਂ ਹੋਏ ਹਨ। ਚੋਣਾਂ ਲੜਨ ਵਾਲੇ ਚਾਰ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ,ਚਰਨਜੀਤ ਸਿੰਘ ਚੰਨੀ,ਪ੍ਰਕਾਸ਼ ਸਿੰਘ ਬਾਦਲ ਅਤੇ ਰਾਜਿੰਦਰ ਕੌਰ ਭੱਠਲ ਵਿੱਚੋਂ ਕੋਈ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ,ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਮੈਦਾਨ ਵਿੱਚ ਉਤਰੇ ਨਵਜੋਤ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸ ਵਾਰ ਵਿਧਾਨ ਸਭਾ ਨਹੀਂ ਪਹੁੰਚੇ ਹਨ।
ਸਭ ਤੋਂ ਵੱਧ ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ 92 ਵਿੱਚੋਂ 82 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ। ਇਸ ਤੋਂ ਇਲਾਵਾ ਸਾਬਕਾ ਕਾਂਗਰਸ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ,ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਸਮੇਤ ਕੁੱਲ 90 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਹਨ।























