ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਵਾਲੇ ਨੂੰ ਹੋਈ ਸਜ਼ਾ
ਦੋਖੋ ਕਿੰਨੇ ਸਾਲਾਂ ਲਈ ਭੇਜਿਆ ਜ਼ੇਲ੍ਹ

ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ)- ਲੁਧਿਆਣਾ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਸਲੇਮ ਟਾਬਰੀ ਨਿਵਾਸੀ ਸਰਬਜੀਤ ਸਿੰਘ ਉਰਫ ਵਿੱਕੀ, ਜਿਸਨੇ ਪਹਿਲੀ ਪਤਨੀ ਤੋਂ ਤਲਾਕ ਲਏ ਬਗੈਰ ਦੁਬਾਰਾ ਵਿਆਹ ਕੀਤਾ ਸੀ, ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ। ਦੋਸੀ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਵੀ ਦੇਣਾ ਪਵੇਗਾ। ਇਸ ਰਕਮ ਵਿੱਚੋਂ 75,000 ਰੁਪਏ ਸ਼ਿਕਾਇਤਕਰਤਾ ਨੂੰ ਦਿੱਤੇ ਜਾਣਗੇ। 6 ਜੁਲਾਈ, 2017 ਨੂੰ ਸਲੇਮ ਟਾਬਰੀ ਨਿਵਾਸੀ ਸਰਬਜੀਤ ਸਿੰਘ ਉਰਫ ਵਿੱਕੀ ਦੇ ਖਿਲਾਫ ਉਸਦੀ ਦੂਜੀ ਪਤਨੀ ਮਨਿੰਦਰ ਕੌਰ ਦੀ ਸ਼ਿਕਾਇਤ ਤੇ ਥਾਣਾ ਲਾਡੋਵਾਲ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਰਬਜੀਤ ਨੇ ਉਸ ਨਾਲ ਜਾਣ -ਪਛਾਣ ਕੀਤੀ ਤੇ ਉਨ੍ਹਾਂ ਦਾ ਵਿਆਹ 26 ਮਾਰਚ 2017 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਦੋਸ਼ੀ ਪਤੀ ਉਸਨੂੰ ਘਰ ਦੀ ਬਜਾਏ ਹੋਟਲ ਲੈ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਘਰ ਆ ਕੇ ਰਹਿਣ ਲੱਗਾ। ਪਰ ਵਿਆਹ ਤੋਂ ਬਾਅਦ ਉਸਦਾ ਪਤੀ ਕਦੇ ਉਸਨੂੰ ਆਪਣੇ ਘਰ ਨਹੀਂ ਲੈ ਕੇ ਗਿਆ ਤੇ ਹਮੇਸ਼ਾਂ ਇਹ ਕਹਿ ਕੇ ਟਾਲ ਦਿੰਦਾ ਕਿ ਉਸਦੇ ਘਰਦੇ ਇਸ ਵਿਆਹ ਤੋਂ ਖੁਸ਼ ਨਹੀਂ ਹਨ, ਜਦੋਂ ਉਹ ਸਹਿਮਤ ਹੋਣਗੇ, ਉਹ ਉਸਨੂੰ ਘਰ ਲੈ ਜਾਵੇਗਾ। ਕੁਝ ਸਮੇਂ ਬਾਅਦ ਉਸਨੂੰ ਪਤਾ ਲੱਗਾ ਕਿ ਸਰਬਜੀਤ ਦਾ ਪਹਿਲਾਂ ਹੀ ਅਮਨ ਨਗਰ ਦੀ ਰਹਿਣ ਵਾਲੀ ਰਿੰਪੀ ਨਾਲ ਵਿਆਹ ਹੋ ਚੁੱਕਾ ਹੈ ਜਿਸ ਤੋਂ ਬਾਅਦ ਦੂਜੀ ਪਤਨੀ ਅਦਾਲਤ ਵਿਚ ਪਹੁੰਚੀ ਤੇ ਇਨਸਾਫ ਦੀ ਮੰਗ ਕੀਤੀ।
ਅੱਜ ਅਦਾਲਤ ਨੇ ਦੋਸ਼ੀ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।






















