ਪਵਨ ਫੱਤਾ ਦੇ ਛੋਟੇ ਭਰਾ ਕਿ੍ਸ਼ਨ ਦਾ ਭੋਗ ਅੱਜ
ਮਾਨਸਾ 11 ਅਕਤੂਬਰ (ਵਿਸ਼ਵ ਵਾਰਤਾ):- ਸਾਰਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿਆਰੇ ਵੀਰ ਪਵਨ ਕੁਮਾਰ ਫੱਤਾ (ਮਾਲਵਾ ਕਾਲਜ ਖਿਆਲਾ ਕਲਾਂ) ਦੇ ਨਿੱਕੇ ਭਰਾ ਕ੍ਰਿਸ਼ਨ ਚੰਦ (ਡਿਪਟੀ ਮਾਸ ਮੀਡੀਆ ਅਫ਼ਸਰ) ਨੂੰ ਅੱਜ ਭੋਗ ਦੇ ਰੂਪ ਵਿੱਚ ਭਾਵੇਂ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ,ਪਰ ਉਹ ਸਭ ਦੇ ਅੰਦਰਲੇ ਮਨਾਂ ਅੰਦਰ ਸਦਾ ਹਸਦਾ ਖੇਡਦਾ ਹੋਇਆ ਵਸਦਾ ਰਹੇਗਾ। ਉਸਦਾ ਅੱਜ ਮਾਨਸਾ ਵਿਖੇ ਮੈਰਿਜ ਪੈਲੇਸ ਡੀ ਫੋਰਟ ਵਿਖੇ ਭੋਗ ਪਵੇਗਾ।
ਉਹ ਛੋਟੀ ਉਮਰੇ, ਜਿਸ ਰਾਹ ਚਲਾ ਗਿਆ, ਇਹ ਕਿਸੇ ਤੋਂ ਵੀ ਝੱਲਿਆ ਨਹੀਂ ਜਾ ਰਿਹਾ ਹੈ,ਪਰ ਦੁੱਖਦੇ ਢਿੱਡ ਉਤੇ ਹੱਥ ਰੱਖਦਿਆਂ ਇੱਕ ਗੱਲ ਮਨ ਨੂੰ ਹੌਸਲੇ ਵਾਲੀ ਮੰਨੀ ਜਾ ਰਹੀ ਹੈ ਕਿ ਜਿਸ ਰੂਪ ਵਿਚ ਗੂੜ੍ਹੀ ਘੂਕ ਨੀਂਦ ਉਸ ਨੇ ਇਸ ਫ਼ਾਨੀ ਜਹਾਨ ਨੂੰ ਫਤਿਹ ਬੁਲਾਈ , ਅਜਿਹਾ ਸੌਖਾ ਰਾਹ ਕਿਸੇ ਕਰਮਾਂ ਵਾਲੇ ਰੰਗਲੀ ਰੂਹ ਨੂੰ ਹੀ ਨਸੀਬ ਹੁੰਦਾ ਹੈ। ਉਹ ਯਾਰਾਂ ਦਾ ਯਾਰ ਸਭ ਦਾ ਅਣਮੁੱਲਾ ਯਾਰ ਸੀ। ਉਹਦੀ ਭਾਵੇਂ ਆਪਣੀ ਸ਼ੁਰੂ ਵਿਚ ਪਛਾਣ ਪਵਨ ਦੇ ਛੋਟੇ ਭਰਾ ਵੱਜੋਂ ਹੀ ਹੋਈ,ਪਰ ਹੁਣ ਉਹ ਆਪਣੀ ਹੋਂਦ ਖੁਦ ਅਹਿਸਾਸ ਕਰਾਉਂਦਿਆਂ ਸਭ ਦੇ ਵੱਡੇ ਵੱਡੇ ਅੜੇ ਗੱਡੇ ਕੱਢਣ ਲੱਗ ਪਿਆ ਸੀ। ਉਹ ਹਰ ਵੇਲੇ ਖਿੜੇ ਮੱਥੇ ਰਹਿੰਦਾ,ਹਰ ਤਰ੍ਹਾਂ ਦਾ ਕੰਮ ਰੱਜੀ ਰੂਹ ਨਾਲ ਨਿਭਾਉਂਦਾ,ਹਰ ਸ਼ਖਸ ਦੇ ਕੰਮ ਆਉਂਦਾ, ਮਹਿਕਮੇ ਤੋਂ ਬਿਨਾਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ,ਸਕੇ ਸਬੰਧੀਆਂ ਅਤੇ ਅੰਗਾਂ ਸਾਕਾ ਦਾ ਖਿੜਿਆ ਫੁੱਲ ਸੀ।
ਕਹਿੰਦੇ ਰਾਤਾਂ ਨਿਰਮਲ ਹੁੰਦੀਆਂ ਨੇ, ਸ਼ਾਂਤ ਹੁੰਦੀਆਂ ਨੇ,ਪਰ ਉਹ ਕੁਲਹਿਣੀ ਘੜੀ ਜਦੋਂ ਕਿ੍ਸਨ ਨੂੰ ਨਾਲ ਲੈ ਗਈ ਤਾਂ ਸਾਡੇ ਸਾਰਿਆਂ ‘ਤੇ ਕਹਿਰ ਬਣ ਕੇ ਗੜ੍ਹੇਮਾਰੀ ਕਰ ਗਈ । ਉਸ ਵੇਲੇ ਧਰਤੀ ਵੀ ਸੁੱਤੀ ਪਈ ਸੀ, ਨਹੀਂ ਅਜਿਹੇ ਵੀਰ ਨੂੰ ਧਰਮਰਾਜ ਵਲੋਂ ਬੁਲਾਉਣ ਵਾਲੇ ਧਰਤੀ ਵੀ ਪਾਟ ਜਾਂਦੀ …
ਕਿ੍ਸ਼ਨ ਫੱਤਾ ਬਹੁਤ ਹੀ ਵਧੀਆ ਇਨਸਾਨ ਸੀ, ਉਮਰ ਤੋਂ ਪਹਿਲਾਂ ਪਿਆਰੇ ਵੀਰ ਦਾ ਤੁਰ ਜਾਣਾ ਸਾਰਿਆਂ ਤੋਂ ਝੱਲਿਆ ਨਹੀਂ ਜਾ ਰਿਹਾ।
ਵਾਹਿਗੁਰੂ ਉਨ੍ਹਾਂ ਨੂੰ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ।