ਚੰਡੀਗੜ੍ਹ, 7 ਅਗਸਤ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪਰਨੀਤ ਕੌਰ ਨਾਲ ਠੱਗੀ ਕਰਕੇ ਉਹਨਾਂ ਦੇ ਖਾਤੇ ਵਿਚੋਂ 23 ਲੱਖ ਰੁਪਏ ਕੱਢਣ ਵਾਲੇ ਠੱਗ ਅੰਸਾਰੀ ਨੂੰ ਪਟਿਆਲਾ ਪੁਲਿਸ ਨੇ ਰਾਂਚੀ ਤੋਂ ਦਬੋਚ ਲਿਆ ਹੈ।
ਪਟਿਆਲਾ ਪੁਲਿਸ ਨੇ ਠੱਗਾਂ ਦਾ ਪ੍ਰਾਡਕਸ਼ਨ ਵਾਰੰਟ ਹਾਸਿਲ ਕਰ ਲਿਆ ਹੈ। ਇਸ ਦੀ ਪੁਸਟੀ ਕਰਦਿਆਂ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਂਚੀ ਦੇ ਜਾਮਤਾੜਾ ਤੋਂ ਉਕਤ ਦੋਸ਼ੀ ਅਤਾ ਉਲ ਅੰਸਾਰੀ ਨੂੰ ਕੱਲ੍ਹ ਵੀਰਵਾਰ ਬਾਅਦ ਦੁਪਹਿਰ ਤੱਕ ਪਟਿਆਲਾ ਲਿਆਏ ਜਾਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਉਕਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਅੱਗੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨਾਲ 23 ਲੱਖ ਦੀ ਸਾਈਬਰ ਠੱਗੀ ਹੋ ਗਈ। ਸਾਈਬਰ ਠੱਗੀ ਕਰਨ ਵਾਲੇ ਦੀ ਪਹਿਚਾਣ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਜਾਮਤਾੜਾ ਇਲਾਕੇ ਦੇ ਅਤਾ ਉਲ ਅੰਸਾਰੀ ਦੇ ਰੂਪ ਵਿਚ ਹੋਈ ਹੈ।
ਦਰਅਸਲ ਇਹ ਮਾਮਲਾ ਇੱਕ ਹਫਤੇ ਪੁਰਾਣਾ ਹੈ, ਜਦੋਂ ਸੰਸਦ ਸੈਸ਼ਨ ਚੱਲ ਰਿਹਾ ਸੀ। ਠੱਗੀ ਕਰਨ ਵਾਲੇ ਨੇ ਆਪਣੀ ਪਹਿਚਾਣ ਐੱਸ.ਬੀ.ਆਈ ਦੇ ਮੈਨੇਜਰ ਵਜੋਂ ਦੱਸ ਕੇ ਪਰਨੀਤ ਕੌਰ ਨੂੰ ਕਿਹਾ ਕਿ ਉਹਨਾਂ ਦੇ ਖਾਤੇ ਵਿਚ ਸੈਲਰੀ ਭੇਜਣੀ ਹੈ, ਇਸ ਲਈ ਤੁਸੀਂ ਆਪਣੇ ਏ.ਟੀ.ਐੱਮ ਕਾਰਡ ਤੇ ਸੀ.ਸੀ.ਵੀ ਨੰਬਰ ਦੇ ਦਿਓ। ਇਸ ਤੋਂ ਬਾਅਦ ਠੱਗ ਨੇ ਕਿਹਾ ਕਿ ਤੁਹਾਡੇ ਫੋਨ ਉਤੇ ਓ.ਟੀ.ਪੀ ਆਵੇਗਾ, ਜਿਸ ਬਾਰੇ ਮੈਨੂੰ ਦੱਸ ਦਿਓ। ਇਸ ਤੋਂ ਥੋੜੀ ਦੇਰ ਬਾਅਦ ਹੀ ਮਹਾਰਾਣੀ ਪਰਨੀਤ ਕੌਰ ਦੇ ਖਾਤੇ ਵਿਚੋਂ 23 ਲੱਖ ਰੁ. ਨਿਕਲ ਗਏ।