ਪਰਚੇ ‘ਚ ਨਾਮਜ਼ਦ ਕਿਸਾਨ, ਪੁਲਿਸ ਕੋਲ ਪੇਸ਼ ਨਾ ਹੋਣ-ਰਾਜੇਵਾਲ

ਬਰਨਾਲਾ, 21 ਫਰਵਰੀ, (ਵਿਸ਼ਵ ਵਾਰਤਾ)-ਕਿਸਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਬਰਨਾਲਾ ਦੀ ਅਨਾਜ ਮੰਡੀ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ‘ਤੇ ਤਸ਼ੱਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਜਿਨ੍ਹਾਂ ‘ਤੇ ਪਰਚੇ ਦਰਜ ਹੋਏ ਹਨ, ਉਹ ਪੁਲਿਸ ਅੱਗੇ ਪੇਸ਼ ਨਾ ਹੋਣ। ਜੇਕਰ ਦਿੱਲੀ ਪੁਲਿਸ ਪਿੰਡਾਂ ‘ਚ ਛਾਪੇਮਾਰੀ ਕਰਦੀ ਹੈ ਤਾਂ ਪਿੰਡਾਂ ‘ਚ ਕਿਸਾਨਾਂ ਦਾ ਸਾਥ ਦਿੰਦੇ ਹੋਏ ਸਾਰੇ ਲੋਕ ਦਿੱਲੀ ਪੁਲਿਸ ਦਾ ਘਿਰਾਓ ਕਰਨ।
ਕਿਸਾਨਾਂ ਦੇ ਮੰਚ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਨਾਲ ਸੰਯੁਕਤ ਮੋਰਚੇ ਦੇ ਆਗੂਆਂ ਤੇ ਕਿਸਾਨਾਂ ਦੀਆਂ 11 ਮੀਟਿੰਗਾਂ ਹੋਈਆਂ ਹਨ। ਇਸ ਵਿਚ ਸਰਕਾਰ ਨੇ ਖ਼ੁਦ ਕਨੂੰਨਾਂ ‘ਤੇ ਸੋਧ ਕਰਨਾ ਮੰਨਿਆ ਹੈ। ਉਨ੍ਹਾਂ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਤੁਸੀਂ ਭਾਜਪਾ ਵਾਲਿਆਂ ਤੋਂ ਪੁੱਛੋ ਕਿ ਸਾਡਾ ਅੰਨ ਪੈਦਾ ਕਰਨ ਵਾਲਾ ਕਿਸਾਨ ‘ਪਰਜੀਵੀ’ ਕਿਵੇਂ ਹੋ ਗਿਆ। ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ‘ਤੇ ਸਾਰੇ ਦੇਸ਼ ਦੀ ਅੱਖ ਹੈ ਤੇ ਇਹ ਸੰਘਰਸ਼ ਲੰਮਾ ਚੱਲੇਗਾ, ਅਖੀਰ ਕਿਸਾਨਾਂ ਦੀ ਜਿੱਤ ਹੋਵੇਗੀ।






















