ਪਠਾਨਕੋਟ ਤੋਂ ਮਿਲੀ ਵੱਡੀ ਖ਼ਬਰ
ਫੌਜੀ ਕੈਂਪ ਦੇ ਨੇੜੇ ਮਿਲੀ ਸੁਰੰਗ
ਸੁਰੱਖਿਆ ਫੋਰਸਾਂ ਆਈਆਂ ਹਰਕਤ ’ਚ
ਤਫਤੀਸ਼ ਸ਼ੁਰੂ
ਚੰਡੀਗੜ੍ਹ,2ਜਨਵਰੀ(ਵਿਸ਼ਵ ਵਾਰਤਾ ਡੈਸਕ)- ਪਠਾਨਕੋਟ ਨੇੜੇ ਆਰਮੀ ਕੈਂਪ ਦੇ ਨਜ਼ਦੀਕ ਇਕ ਸੁਰੰਗ ਦੇ ਮਿਲਣ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। 300 ਫੁੱਟ ਦੇ ਕਰੀਬ ਮਿਲੀ ਇਸ ਸੁਰੰਗ ਵਿੱਚੋਂ ਮਿੱਟੀ ਦੇ ਭਾਂਡੇ ਮਿਲੇ ਹਨ, ਜਿਸ ਤਰ੍ਹਾਂ ਕਿ ਇਸ ਸੁਰੰਗ ਵਿੱਚ ਕੁਝ ਲੋਕ ਰਹਿ ਕੇ ਆਪਣਾ ਖਾਣਾ ਬਣਾਉਂਦੇ ਰਹੇ ਸਨ। ਸੁਰੱਖਿਆ ਫੋਰਸਾਂ ਨੇ ਇਲਾਕੇ ਨੂੰ ਘੇਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਪਿੰਡ ਗੁੜਾ ਕਲਾਂ ਦੇ ਵਿੱਚ ਮਿਲੀ ਇਸ ਸੁਰੰਗ ਬਾਰੇ ਉਦੋਂ ਪਤਾ ਚੱਲਿਆ ਜਦੋਂ ਕੁਝ ਨੌਜਵਾਨ ਸਵੇਰੇ ਸੈਰ ਕਰ ਰਹੇ ਸਨ,ਤੇ ਉਹਨਾਂ ਵਿਚੋਂ ਇਕ ਦਾ ਪੈਰ ਜ਼ਮੀਨ ਵਿੱਚ ਧਸ ਗਿਆ। ਉਹਨਾਂ ਵੱਲੋਂ ਉਸ ਥਾਂ ਨੂੰ ਹੋਰ ਪੱਟਣ ਤੇ ਇਹ ਸੁਰੰਗ ਦਿਖਾਈ ਦਿੱਤੀ। ਨੌਜਵਾਨਾਂ ਨੇ ਤੁਰੰਤ ਇਹ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ, ਜਿਸ ਦੀ ਕਿ ਹੁਣ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।