ਪਟਾਕੇ ਚਲਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਕਾਤਲ ਫਰਾਰ
ਚੰਡੀਗੜ੍ਹ 25 ਅਕਤੂਬਰ (ਵਿਸ਼ਵ ਵਾਰਤਾ)- ਰੁਦਰਪੁਰ ਦੇ ਨੈਨੀਤਾਲ ਰੋਡ ‘ਤੇ ਸਥਿਤ ਮੈਟਰੋਪਾਲਿਟਿਸ ਕਾਲੋਨੀ ‘ਚ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਬਿਲਾਸਪੁਰ ਦੇ 23 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਬਿਲਾਸਪੁਰ ਦੇ ਰਹਿਣ ਵਾਲੇ ਗੁਰਵੀਰ ਸਿੰਘ ਤੇ ਦਲਜੀਤ ਸਿੰਘ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਗਏ ਹਨ। ਪੂਰੇ ਮਾਮਲੇ ਵਿੱਚ ਜਤਿਨ ਸ਼ਰਮਾ ਪੁੱਤਰ ਸਤੀਸ਼ ਵਰਮਾ ਵਾਸੀ ਭਦਾਈਪੁਰਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਅਤੇ ਜਾਣਕਾਰੀ ਅਨੁਸਾਰ ਪੁਲਿਸ ਨੇ ਜਤਿਨ ਵਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਬਾਬਤ ਚੌਕੀ ਇੰਚਾਰਜ ਸਿਦਕੁਲ ਦੱਸਿਆ ਕਿ ਬਿਲਾਸਪੁਰ ਦਾ ਰਹਿਣ ਵਾਲਾ 23 ਸਾਲਾ ਦਲਜੀਤ ਸਿੰਘ ਬੀਤੀ ਦੇਰ ਰਾਤ ਮੈਟਰੋਪਾਲਿਟਿਨ ਕਲੋਨੀ ‘ਚ ਕਿਸੇ ਰਿਸ਼ਤੇਦਾਰ ਦੇ ਘਰ ਆਇਆ ਹੋਇਆ ਸੀ, ਜਿੱਥੇ ਦਲਜੀਤ ਸਿੰਘ ਦੀ ਪਹਿਲਾਂ ਗੁਰਵੀਰ ਸਿੰਘ ਨਾਂ ਦੇ ਨੌਜਵਾਨ ਨਾਲ ਬਹਿਸ ਹੋ ਗਈ। ਕੁਝ ਹੀ ਦੇਰ ‘ਚ ਮਾਮਲਾ ਇੰਨਾ ਵੱਧ ਗਿਆ ਕਿ ਗੁਰਵੀਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਦਲਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਸ ਦੀਆਂ ਕਈ ਟੀਮਾਂ ਹਮਲਾਵਰਾਂ ਨੂੰ ਫੜਨ ਲਈ ਦੇਰ ਰਾਤ ਤੋਂ ਜੁਟੀਆਂ ਹੋਈਆਂ ਹਨ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।