ਰਿਹਾਇਸ਼ੀ ਪਲਾਟ ਜਾਂ ਕਾਲੋਨੀ ਆਦਿ ਦੇ ਵੇਰਵੇ ਹਰ ਹਾਲ ਦਰਜ ਕੀਤੇ ਜਾਣ
ਪਰਾਲੀ ਨੂੰ ਅੱਗ ਲੱਗੀ ਮਿਲਣ ਤੇ ਰਿਕਾਰਡ ਵਿਚ ਅੰਦਰਾਜ ਦਰਜ ਕਰਨੇ ਵੀ ਜ਼ਰੂਰੀ
ਅੰਮਿ੍ਰਤਸਰ, 3 ਅਕਤੂਬਰ (ਵਿਸ਼ਵ ਵਾਰਤਾ)-ਜਿਲਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਦੇ ਪਟਵਾਰੀਆਂ ਨੂੰ ਦਰਜ ਕੀਤੀਆਂ ਹਦਾਇਤਾਂ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਸਾਉਣੀ ਦੀ ਗਿਰਦਾਵਰੀ, ਜੋ ਕਿ 31 ਅਕਤੂਬਰ ਤੱਕ ਪੂਰੀ ਕੀਤੀ ਜਾਣੀ ਹੈ, ਨੂੰ ਖੇਤ ਵਿਚ ਮੌਕੇ ਉਤੇ ਜਾ ਕੇ ਦਰਜ ਕਰਨ। ਉਨਾਂ ਕਿਹਾ ਕਿ ਵੇਖਿਆ ਗਿਆ ਹੈ ਕਿ ਸ਼ਹਿਰਾਂ ਦੇ ਨੇੜੇ ਨਵੀਆਂ ਕਾਲੋਨੀਆਂ ਵਿਕਸਤ ਹੋ ਚੁੱਕੀਆਂ ਹਨ, ਪਰ ਇਹ ਮਾਲ ਵਿਭਾਗ ਦੇ ਰਿਕਾਰਡ ਵਿਚ ਅਜੇ ਵੀ ਖੇਤੀਬਾੜੀ ਜ਼ਮੀਨ ਵਜੋਂ ਦਰਜ ਹਨ। ਜਦਕਿ ਅਜਿਹੀਆਂ ਕਾਲੋਨੀਆਂ ਵਾਲੀ ਜ਼ਮੀਨ ਗੈਰਮੁਮਕਿਨ ਰਿਹਾਇਸ਼ੀ ਪਲਾਟ ਜਾਂ ਕਮਰਸ਼ੀਅਲ ਜਾਇਦਾਦ ਵਜੋਂ ਦਰਜ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਜਿਹਾ ਨਾ ਹੋਣ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ, ਜੋ ਕਿ ਬਰਦਾਸ਼ਤਯੋਗ ਨਹੀਂ। ਉਨਾਂ ਸਮੂਹ ਪਟਵਾਰੀਆਂ ਅਤੇ ਕਾਨੂੰਗੋ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰ ਦੀ ਗਿਰਦਾਵਰੀ ਮੌਕੇ ਉਤੇ ਜਾ ਕੇ ਦਰਜ ਕਰਨ ਅਤੇ ਸਹੀ ਵੇਰਵੇ ਦੇਣ। ਉਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਸਹੀ ਵੇਰਵੇ ਦਰਜ ਨਾ ਕੀਤੇ ਗਏ ਤਾਂ ਸਬੰਧਤ ਪਟਵਾਰੀ ਅਤੇ ਕਾਨੂੰਗੋ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸਦੇ ਨਾਲ ਹੀ ਜਿਲਾ ਕੁਲੈਕਟਰ ਸ. ਖਹਿਰਾ ਨੇ ਕਿਹਾ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੇ ਉਲਟ ਜਿਹੜੇ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ, ਉਨਾਂ ਦੇ ਰਕਬੇ ਦਾ ਅੰਦਰਾਜ ਵੀ ਦਰਜ ਕੀਤੇ ਜਾਣ ਅਤੇ ਸਬੰਧਤ ਰਕਬੇ ਦੀਆਂ ਤਸਵੀਰਾਂ ਖਿੱਚ ਕੇ ਪਿੰਡ ਦੇ ਨਾਮ ਅਤੇ ਖਸਰਾ ਨੰਬਰ ਆਦਿ ਦੇ ਵੇਰਵੇ ਸਮੇਤ ਸਰਕਲ ਰੈਵਿਨਊ ਅਫਸਰ, ਤਹਿਸੀਲਦਾਰ ਜਾਂ ਐਸ ਡੀ ਐਮ ਰਾਹੀਂ ਜਿਲਾ ਕੁਲੈਕਟਰ ਨੂੰ ਭੇਜੇ ਜਾਣ।























