ਨੌਜਵਾਨਾਂ ਵੱਲੋਂ ‘ਚਿੱਟਾ ਇੱਧਰ ਮਿਲਦਾ ਹੈ’ ਦੇ ਬੋਰਡ ਲਗਾਉਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ
ਬਠਿੰਡਾ ਦੇ 2 ਪਿੰਡਾਂ ਵਿੱਚ ਛਾਪੇਮਾਰੀ, ਕਈ ਤਸਕਰਾਂ ਨੂੰ ਕੀਤਾ ਕਾਬੂ
ਚੰਡੀਗੜ੍ਹ,8 ਅਕਤੂਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਅਤੇ ਪਿੰਡ ਜੋਧਪੁਰਾ ਰਮਨਾ ਵਿੱਚ ‘ਚਿੱਟਾ ਇੱਧਰ ਵਿਕਦਾ ਹੈ’ ਦੇ ਬੋਰਡ ਲਗਾਏ ਜਾਣ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਨੌਜਵਾਨਾਂ ਨੇ ਖੁੱਲ੍ਹੇਆਮ ਚਿੱਟਾ ਵੇਚਣ ਵਿਰੁੱਧ ਮੁਹਿੰਮ ਛੇੜ ਕੇ ਅਜਿਹੇ ਬੋਰਡ ਲਾਏ ਹਨ। ਨੀਂਦ ਤੋਂ ਜਾਗਦੇ ਹੋਏ ਹੁਣ ਬਠਿੰਡਾ ਪੁਲਿਸ ਦੋਵਾਂ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਡੀਐਸਪੀ ਮੌੜ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਪਿੰਡ ਭਾਈ ਬਖਤੌਰ ਅਤੇ ਜੋਧਪੁਰਾ ਰਮਨਾ ਵਿੱਚ ਘਰ-ਘਰ ਜਾ ਕੇ ਚੈਕਿੰਗ ਕੀਤੀ। ਕਰੀਬ ਚਾਰ ਘੰਟੇ ਤੱਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਕਿੰਨੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਅਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।























