
- ਮੋਹਾਲੀ ਦੇ ਸੋਹਾਣਾ ਤੋਂ ਗੱਡੀ ਖੋਹ ਕੇ ਨੈਨਾ ਦੇਵੀ ਵੱਲ ਫਰਾਰ ਹੋਏ ਸਨ 3 ਬਦਮਾਸ਼
ਚੰਡੀਗੜ 14 ਜੁਲਾਈ – ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਸਥਿਤ ਸ੍ਰੀ ਨੈਨਾ ਦੇਵੀ ਵਿਖੇ ਮੋਹਾਲੀ ਤੇ ਹਿਮਾਚਲ ਪੁਲਿਸ ਨੇ ਮੁਕਾਬਲੇ ਦੌਰਾਨ ਪੰਜਾਬ ਦੇ ਇਕ ਬਦਮਾਸ਼ ਨੂੰ ਮਾਰ ਗਿਰਾਇਆ। ਜਦੋਂ ਕਿ 2 ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਰੇ ਗਏ ਨੌਜਵਾਨ ਦੀ ਪਹਿਚਾਣ ਗੁਰਦਾਸਪੁਰ ਦੇ ਸਨੀ ਵਜੋਂ ਹੋਈ ਹੈ।
ਇਸ ਤੋਂ ਪਹਿਲਾਂ ਇਹਨਾਂ ਬਦਮਾਸ਼ਾਂ ਮੋਹਾਲੀ ਦੇ ਸੋਹਾਣਾ ਤੋਂ ਪਿਸਤੌਲ ਦੀ ਨੋਕ ‘ਤੇ ਵਰਨਾ ਕਾਰ ਖੋਹੀ ਸੀ। ਇਸ ਤੇ ਪੁਲਿਸ ਨੇ ਤੁਰੰਤ ਅਪਰਾਧੀਆਂ ਦਾ ਪਿੱਛਾ ਕੀਤਾ। ਜਦੋਂ ਪਿੱਛਾ ਕਰਦੀ ਹੋਈ ਪੁਲਿਸ ਟੀਮ ਨੈਨਾ ਦੇਵੀ ਖੇਤਰ ਵਿਚ ਪੀਡਬਲਯੂਡੀ ਰੈਸਟ ਹਾਊਸ ਦੇ ਕੋਲ ਪਹੁੰਚੀ ਤਾਂ ਇਕ ਬਦਮਾਸ਼ ਨੇ ਪੁਲਿਸ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ।
ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਜਵਾਬੀ ਫਾਈਰਿੰਗ ਕੀਤੀ, ਜਿਸ ਵਿਚ ਇਕ ਅਪਰਾਧੀ ਮਾਰਿਆ ਗਿਆ। ਇਸ ਤੋਂ ਇਲਾਵਾ ਹੋਰ ਦੋ ਅਮਨਪ੍ਰੀਤ ਅਤੇ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੋਹਾਲੀ ਦੇ ਐੱਸ.ਐੱਸ.ਪੀ ਸ੍ਰੀ ਕੁਲਦੀਪ ਚਾਹਲ ਮੌਕੇ ’ਤੇ ਪਹੁੰਚੇ। ਉਹਨਾਂ ਕਿਹਾ ਕਿ ਇਹਨਾਂ ਬਦਮਾਸ਼ਾਂ ਖਿਲਾਫ ਲੁੱਟ-ਖੋਹ ਤੇ ਜਾਨੋਂ ਮਾਰਨ ਦੇ ਮਾਮਲੇ ਦਰਜ ਹਨ।






















