ਨੀਰਜ ਚੋਪੜਾ ਨੇ ਡਾਇਮੰਡ ਲੀਗ ‘ਚ ਜਿੱਤਿਆ ਦੂਜਾ ਸੋਨ ਤਮਗਾ
ਲੀਗ ‘ਚ ਦੋਹਰਾ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ ਬਣਿਆ ਨੀਰਜ ਚੋਪੜਾ
ਚੰਡੀਗੜ੍ਹ,6ਮਈ(ਵਿਸ਼ਵ ਵਾਰਤਾ)- ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲਿਆਂ ਵਿੱਚ ਦੇਸ਼ ਲਈ ਤਗਮੇ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇੱਕ ਹੋਰ ਇਤਿਹਾਸ ਰਚਿਆ ਹੈ। ਨੀਰਜ ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। 25 ਸਾਲਾ ਨੀਰਜ ਨੇ ਦੋਹਾ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.67 ਮੀਟਰ ਦਾ ਜੈਵਲਿਨ ਸੁੱਟਿਆ। ਇਹ ਨੀਰਜ ਦਾ ਸੋਨ ਤਮਗਾ ਜਿੱਤਣ ਵਾਲਾ ਪ੍ਰਦਰਸ਼ਨ ਸਾਬਤ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੀਰਜ ਨੇ ਜਿਊਰਿਖ ਵਿੱਚ ਡਾਇਮੰਡ ਲੀਗ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। 2022 ਵਿੱਚ, ਨੀਰਜ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ।