ਨਿੱਜੀ ਸੜਕ ਦੇ ਨਿਰਮਾਣ ਨੂੰ ਲੈ ਕੇ ਕੌਂਸਲਰਾਂ ਨੇ ਜਤਾਇਆ ਵਿਰੋਧ,ਵਫਦ ਮਿਲੇਗਾ ਡਿਪਟੀ ਕਮਿਸ਼ਨਰ ਨੂੰ— ਸੁਭਾਸ਼ ਵਰਮਾ
ਕੌਂਸਲ ਨੇ ਜਾਰੀ ਕੀਤਾ ਨੋਟਿਸ
ਬੁਢਲਾਡਾ, 28 ਫਰਵਰੀ (ਵਿਸ਼ਵ ਵਾਰਤਾ) ਸਥਾਨਕ ਸ਼ਹਿਰ ਦੇ ਅੰਦਰ ਪ੍ਰਾਈਵੇਟ ਕਲੋਨੀ ਨੂੰ ਜਾਂਦੇ ਰਾਸਤੇ ਨੂੰ ਲੈ ਕੇ ਅੱਜ ਤੀਸਰੇ ਦਿਨ ਵੀ ਸ਼ਹਿਰ ਦੇ ਕੌਂਸਲਰਾਂ ਨੇ ਕੌਂਸਲ ਅਤੇ ਅਫਸਰਸ਼ਾਹੀ ਖਿਲਾਫ ਆਪਣਾ ਵਿਰੋਧ ਦਰਜ ਕਰਾਉਂਦਿਆਂ ਰੋਸ ਪ੍ਰਗਟ ਕੀਤਾ ਗਿਆ। ਜਿਸ ਤੇ ਨਗਰ ਕੌਂਸਲ ਨੇ ਕਲੋਨੀ ਪ੍ਰਬੰਧਕਾਂ ਨੂੰ ਨੋਟਿਸ ਕੱਢ ਦਿੱਤਾ ਹੈ। ਪਰ ਕੌਂਸਲਰ ਦਾ ਵਿਰੋਧ ਫਿਰ ਵੀ ਜਾਰੀ ਹੈ। ਇਸ ਸੰਬੰਧੀ ਕੌਂਸਲ ਮੀਤ ਪ੍ਰਧਾਨ ਸੁਖਵਿੰਦਰ ਸੁਭਾਸ਼ ਵਰਮਾਂ ਨੇ ਦੱਸਿਆ ਕਿ ਕੋਂਸਲ ਨੂੰ ਅੱਜ ਤੋਂ 3 ਮਹੀਨੇ ਪਹਿਲਾ ਪ੍ਰਾਈਵੇਟ ਕਲੋਨੀ ਮਾਲਕ ਵੱਲੋਂ ਸੜਕ ਦਾ ਨਿਰਮਾਣ ਰੋਕ ਕੇ ਸੜਕ ਸੰਬੰਧੀ ਜਾਣੂ ਕਰਵਾਇਆ ਗਿਆ ਸੀ ਤਾਂ ਉਸ ਸਮੇਂ ਕੌਂਸਲ ਨੇ ਪ੍ਰਬੰਧਕਾਂ ਨੂੰ ਨੋਟਿਸ ਕਿਉਂ ਜਾਰੀ ਨਹੀਂ ਕੀਤਾ। ਪ੍ਰੰਤੂ ਕੌਂਸਲ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਨੋਟਿਸ ਕਈ ਤਰ੍ਹਾਂ ਦੇ ਸ਼ੱਕ ਦੇ ਸਵਾਲ ਖੜ੍ਹੇ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸ਼ਹਿਰੀਆਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਅਤੇ ਏ.ਡੀ.ਸੀ. ਅਰਬਨ ਅਤੇ ਡਾਇਰੈਕਟਰ ਸਥਾਨਕ ਸਰਕਾਰ ਨੂੰ ਮਿਲਕੇ ਇਸ ਮਾਮਲੇ ਦੀ ਸਥਿਤੀ ਨੂੰ ਜਾਣੂ ਕਰਵਾਏਗਾ। ਸ਼ਹਿਰ ਵਿੱਚ ਲੋਕ ਅੱਜ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਪਰ ਨਗਰ ਕੌਂਸਲ ਸ਼ਹਿਰ ਦੇ ਅਧੂਰੇ ਪਏ ਵਿਕਾਸ, ਸਫਾਈ, ਨਾਜਾਇਜ ਕਬਜੇ, ਪਾਮ ਸਟਰੀਟ ਪ੍ਰੋਜੈਕਟ ਦੇ ਫੇਲ੍ਹ ਹੋਣਾ, ਨਿਕਾਸੀ ਦਾ ਮਾੜਾ ਹਾਲ ਆਦਿ ਸਮੱਸਿਆਵਾਂ ਜਿਓ ਦੀਆਂ ਤਿਓ ਹੋਣ ਕਾਰਨ ਕੌਂਸਲ ਦੀ ਬੇਰੁਖ ਨਜਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਾ ਦਿਖਾਈ ਤਾਂ ਲੋਕ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਗੇ।

ਦੂਸਰੇ ਪਾਸੇ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਬਾਦਲਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾ ਹੀ ਹੋਇਆ ਸੀ। ਚੋਣਾਂ ਵਿੱਚ ਡਿਊਟੀ ਲੱਗਣ ਕਾਰਨ ਉਹ ਕਾਫੀ ਵਿਅਸਤ ਸਨ ਪਰ ਹੁਣ ਕੌਂਸਲਰਾਂ ਵੱਲੋਂ ਪੇਸ਼ ਕੀਤੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਨਗੇ। ਇਸ ਮੌਕੇ ਤੇ ਕੌਂਸਲਰ ਨਰਿੰਦਰ ਗੁਰਪ੍ਰੀਤ ਵਿਰਕ, ਤਰਨਜੀਤ ਚਹਿਲ ਆਦਿ ਹਾਜਰ ਸਨ।























