ਨਿਰਮਾਣ ਅਧੀਨ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਹੇਠਾਂ ਡਿੱਗੀ ਲਿਫਟ, ਕਈ ਮੌਤਾਂ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ)- ਅਹਿਮਦਾਬਾਦ ਵਿੱਚ ਇੱਕ ਇਮਾਰਤ ਦੀ ਲਿਫਟ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਅੱਜ ਸਵੇਰੇ ਕਰੀਬ 9.30 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਇਮਾਰਤ ਦੀ ਨੌਵੀਂ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ ਅਤੇ ਕਰਮਚਾਰੀ ਲਿਫਟ ਰਾਹੀਂ ਸਾਮਾਨ ਨੂੰ ਉੱਪਰ ਲਿਜਾ ਰਹੇ ਸਨ। ਇਸ ਦੌਰਾਨ ਸੱਤਵੀਂ ਮੰਜ਼ਿਲ ‘ਤੇ ਪਹੁੰਚਦਿਆਂ ਹੀ ਲਿਫਟ ਟੁੱਟ ਗਈ। ਲਿਫਟ ਵਿੱਚ ਕੁੱਲ 8 ਮਜ਼ਦੂਰ ਸਵਾਰ ਸਨ।ਜਿਸ ਇਮਾਰਤ ਵਿੱਚ ਇਹ ਹਾਦਸਾ ਵਾਪਰਿਆ ਹੈ, ਉਹ ਗੁਜਰਾਤ ਯੂਨੀਵਰਸਿਟੀ ਦੇ ਕੋਲ ਹੈ। ਇਸ ਦਾ ਨਾਮ Aspire-2 ਹੈ। ਇੱਥੇ ਜੋ ਲਿਫਟ ਡਿੱਗੀ ਹੈ, ਉਸ ਦੀ ਵਰਤੋਂ ਉਸਾਰੀ ਸਮੱਗਰੀ ਲਿਜਾਣ ਲਈ ਕੀਤੀ ਜਾਂਦੀ ਸੀ। ਲੋਹੇ ਦੇ ਢਾਂਚੇ ‘ਤੇ ਲੱਗੀ ਅਜਿਹੀ ਲਿਫਟ ਨੂੰ ਐਲੀਵੇਟਰ ਕਿਹਾ ਜਾਂਦਾ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਨਾਮ ਸੰਜੇਭਾਈ ਬਾਬੂਭਾਈ ਨਾਇਕ, ਜਗਦੀਸ਼ਭਾਈ ਰਮੇਸ਼ਭਾਈ ਨਾਇਕ, ਅਸ਼ਵਿਨਭਾਈ ਸੋਮਾਭਾਈ ਨਾਇਕ, ਮੁਕੇਸ਼ ਭਰਤਭਾਈ ਨਾਇਕ, ਰਾਜਮਲ ਸੁਰੇਸ਼ਭਾਈ ਖਰੜੀ ਅਤੇ ਪੰਕਜਭਾਈ ਸ਼ੰਕਰਭਾਈ ਖਰੜੀ ਹਨ।
ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਮ੍ਰਿਤਕਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਮਜ਼ਦੂਰ ਨੂੰ ਹਸਪਤਾਲ ਪਹੁੰਚਾਇਆ।























