ਪੰਜਾਬ ਵਿੱਚ ਅਸਤੀਫਿਆਂ ਦਾ ਦੌਰ ਜਾਰੀ
ਨਿਯੁਕਤੀ ਦੇ 48 ਘੰਟਿਆਂ ਅੰਦਰ ਹੀ ਮੁਕੇਸ਼ ਬੇਰੀ ਨੇ ਛੱਡਿਆ ਐਡੀਸ਼ਨਲ ਐਡਵੋਕੇਟ ਜਨਰਲ ਦਾ ਅਹੁਦਾ

ਚੰਡੀਗੜ੍ਹ, 11ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਖਾਸਕਰ ਸੱਤਾਧਾਰੀ ਕਾਂਗਰਸ ਪਾਰਟੀ ਵਿੱਚ ਘਮਸਾਣ ਛਿੜ ਗਿਆ ਹੈ। ਕੱਲ੍ਹ ਸੀਨੀਅਰ ਕਾਂਗਰਸੀ ਆਗੂਆਂ ਮਨੀਸ਼ ਤਿਵਾੜੀ ਅਤੇ ਸੁਨੀਲ ਜਾਖੜ ਨੇ ਇਸ ਤੇ ਤਿੱਖੀਆਂ ਟਿੱਪਣੀਆਂ ਕਰ ਕੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਸੀ। ਕੱਲ੍ਹ ਰਾਤ ਨੂੰ ਹੀ ਇਕ ਹੋਰ ਵਿਵਾਦ ਨੇ ਜਨਮ ਲੈ ਲਿਆ ਜਦੋਂ 8 ਤਰੀਕ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੇ ਨਿਯੁਕਤ ਕੀਤੇ ਮੁਕੇਸ਼ ਚੰਦਰ ਬੇਰੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੇ ਪੱਤਰ ਵਿੱਚ, ਮੁਕੇਸ਼ ਚੰਦਰ ਬੇਰੀ ਨੇ ਲਿਖਿਆ ਕਿ ਉਸਨੇ ਸੂਬੇ ਦੇ ਐਡਵੋਕੇਟ ਜਨਰਲ (ਏਜੀ) ਵਜੋਂ ਏਪੀਐਸ ਦਿਓਲ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਦੇ “ਪੰਜਾਬ ਸਰਕਾਰ ਦੇ ਫੈਸਲੇ ‘ਤੇ ਟਿੱਪਣੀ ਕੀਤੇ ਬਿਨਾਂ” ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਉਹ 27 ਸਾਲ ਤੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰਕੌਂਸਲ ਦੇ ਮੈਂਬਰ ਅਤੇ ਨੁਮਾਇੰਦੇ ਅਤੇ ਚੇਅਰਮੈਨ ਵੀ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ “ਮੈਂ 28 ਸਾਲ ਲਾਅ ਅਫਸਰ ਵੱਜੋਂ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਸੇਵਾ ਨਿਭਾਈ ਹੈ। ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦੇ ਰੁਤਬੇ ਅਤੇ ਮਾਣ ਦਾ ਮਜ਼ਾਕ ਨਾ ਉਡਾਏ ”






















