ਨਿਤੀਸ਼ ਮੰਤਰੀ ਮੰਡਲ ਦੇ 31 ਮੰਤਰੀਆਂ ਨੇ ਚੁੱਕੀ ਸਹੁੰ; ਰਾਜਦ,ਜੇਡੀਯੂ ਅਤੇ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਆਜ਼ਾਦ ਵਿਧਾਇਕ ਵੀ ਬਣੇ ਮੰਤਰੀ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤ)- ਭਾਜਪਾ ਨਾਲੋਂ ਗੱਠਜੋੜ ਤੋੜ੍ਹਕੇ ਦੁਬਾਰਾ ਮੁੱਖ ਮੰਤਰੀ ਬਣੇ ਨਿਤੀਸ਼ ਕੁਮਾਰ ਦੀ ਬਿਹਾਰ ਮੰਤਰੀ ਮੰਡਲ ਦਾ ਅੱਜ ਵਿਸਥਾਰ ਹੋਇਆ। ਰਾਜਪਾਲ ਫੱਗੂ ਚੌਹਾਨ ਨੇ ਰਾਜ ਭਵਨ ਵਿੱਚ 31 ਮੰਤਰੀਆਂ ਨੂੰ ਸਹੁੰ ਚੁਕਾਈ। ਮੰਤਰੀਆਂ ਨੇ ਪੰਜ-ਪੰਜ ਜੱਥੇ ਵਿੱਚ ਸਹੁੰ ਚੁੱਕੀ। ਮੰਤਰੀ ਬਣੇ ਕੁੱਲ 31 ਵਿਧਾਇਕਾਂ ‘ਚੋਂ ਸਭ ਤੋਂ ਵੱਧ 16 ਰਾਸ਼ਟਰੀ ਜਨਤਾ ਦਲ, 11 ਜੇਡੀਯੂ, 2 ਕਾਂਗਰਸ, ਇਕ ਹਮ ਵਿੱਚੋਂ ਅਤੇ ਇਕ ਆਜ਼ਾਦ ਹੈ। ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਸਹੁੰ ਚੁੱਕਣ ਵਾਲੇ ਪਹਿਲੇ 5 ਵਿਧਾਇਕਾਂ ‘ਚ ਸ਼ਾਮਲ ਸਨ। ਮਹਾਂਗਠਜੋੜ ਦੀ ਨਵੀਂ ਸਰਕਾਰ ‘ਚ ਸਮਾਜਿਕ ਸਮੀਕਰਨਾਂ ਨੂੰ ਧਿਆਨ ‘ਚ ਰੱਖ ਕੇ ਮੰਤਰੀ ਬਣਾਏ ਗਏ ਹਨ। ਓਬੀਸੀ-ਈਬੀਸੀ ਵਿੱਚ ਸਭ ਤੋਂ ਵੱਧ 17, ਦਲਿਤ – 5 ਅਤੇ ਮੁਸਲਮਾਨ – 5 ਹਨ। ਇਸ ਦੇ ਨਾਲ ਹੀ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਗ੍ਰਹਿ ਵਿਭਾਗ, ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਸਿਹਤ ਵਿਭਾਗ, ਵਿਜੇ ਕੁਮਾਰ ਚੌਧਰੀ ਨੂੰ ਵਿੱਤ ਵਿਭਾਗ, ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜ ਪ੍ਰਤਾਪ ਯਾਦਵ ਨੂੰ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਬਣਾਇਆ ਗਿਆ।