ਨਾਜਾਇਜ਼ ਸ਼ਰਾਬ ਖਿਲਾਫ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ
35 ਹਜ਼ਾਰ ਲੀਟਰ ਏਐਨਏ (ਰਾਅ ਅਲਕੋਹਲ) ਕੀਤਾ ਬਰਾਮਦ
ਚੰਡੀਗੜ੍ਹ,2 ਸਤੰਬਰ ( ਵਿਸ਼ਵ ਵਾਰਤਾ)-ਪੰਜਾਬ ਦੇ ਐਕਸਾਈਜ਼ ਵਿਭਾਗ ਵੱਲੋਂ ਅੱਜ ਮੁਹਾਲੀ ਦੇ ਬਨੂੰੜ ਅਤੇ ਉਸਦੇ ਨੇੜਲੇ ਇਲਾਕਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੇ 35 ਹਜ਼ਾਰ ਲੀਟਰ ਈਐਨਏ( ਐਕਸਟਰਾ ਨਿਊਟਰਲ ਅਲਕੋਹਲ) ਬਰਾਮਦ ਕੀਤੀ ਹੈ। ਜਿਸ ਦੀ ਕੀਮਤ ਲਗਭਗ 4 ਕਰੋੜ ਦੱਸੀ ਜਾਂਦੀ ਹੈ। ਇਹ ਈਐਨਏ 2 ਟਰੱਕਾਂ ਵਿੱਚ ਭਰਿਆ ਹੋਇਆ ਸੀ। ਜਿਸ ਦਾ ਇਸਤੇਮਾਲ ਸ਼ਰਾਬ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਸੰਬੰਧ ਵਿੱਚ ਬਨੂੰੜ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਈਐਨਏ ਗੋਆ ਜਾਣਾ ਸੀ ਪਰ ਇਸਨੂੰ ਕਿਸੇ ਹੋਰ ਜਗ੍ਹਾ ਭੇਜਿਆ ਜਾ ਰਿਹਾ ਸੀ। ਜਿੱਥੇ ਇਸਦਾ ਇਸਤੇਮਾਲ ਨਾਜ਼ਾਇਜ ਸ਼ਰਾਬ ਬਣਾਉਣ ਲਈ ਕੀਤਾ ਜਾਣਾ ਸੀ। ਕਾਰਵਾਈ ਪਟਿਆਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ ਅਤੇ ਕਈ ਜਣਿਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ ਅਤੇ ਨਾਲ ਹੀ ਟਰੱਕਾਂ ਦੇ ਨਾਲ ਇੱਕ ਹੋਰ ਗੱਡੀ ਨੂੰ ਵੀ ਜ਼ਬਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਖੁਦ ਇਸ ਪੂਰੇ ਮਾਮਲੇ ਦਾ ਨੋਟਿਸ ਲੈ ਰਹੇ ਹਨ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਵਿਭਾਗ ਵੱਲੋਂ ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੇ ਅਨਸਰਾਂ ਖਿਲਾਫ ਕਾਰਵਾਈ ਆਰੰਭੀ ਹੈ।






















