ਨਹੀਂ ਰਹੇ ‘ਫਲਾਇੰਗ ਸਿੱਖ’ ਮਿਲਖਾ ਸਿੰਘ
ਪੀਜੀਆਈ ਚੰਡੀਗੜ੍ਹ ਵਿਖੇ ਸਨ ਜ਼ੇਰੇ ਇਲਾਜ

ਚੰਡੀਗੜ੍ਹ, 19ਜੂਨ (ਵਿਸ਼ਵ ਵਾਰਤਾ)-ਫਲਾਇੰਗ ਸਿੱਖ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਉਹ ਪਿਛਲੇ ਕਈ ਦਿਨਾਂ ਤੋਂ ਪੀ ਜੀ ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨl ਪਰਿਵਾਰਕ ਮੈਂਬਰਾਂ ਮੁਤਾਬਕ 91 ਸਾਲਾਂ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ । ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਵੀ ਲੰਘੇ ਦਿਨੀਂ ਕਰੋਨਾ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਹੁਣ ਗੌਲਫ਼ਰ ਪੁੱਤ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਹਨ।
ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਅਨੁਸਾਰ 20 ਨਵੰਬਰ 1929 ਨੂੰ ਗੋਵਿੰਦਪੁਰਾ ਵਿਖੇ ਸਿੱਖ ਰਾਠੌਰ ਰਾਜਪੂਤ ਘਰ ਵਿਚ ਹੋਇਆ। 1947 ਦੀ ਵੰਡ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ, ਇੱਕ ਭਰਾ ਤੇ ਦੋ ਭੈਣਾਂ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ।
1956 ਦੇ ਮੈਲਬੌਰਨ ਓਲਿੰਪਿਕ ਖੇਡਾਂ ਵਿਚ ਮਿਲਖਾ ਸਿੰਘ ਨੇ ਭਾਰਤ ਨੂੰ 200 ਤੇ 400 ਮੀਟਰ ਪ੍ਰਤੀਯੋਗਤਾ ਵਿਚ ਨੁਮਾਇੰਦਗੀ ਕੀਤੀ। 1958 ਵਿਚ ਮਿਲਖਾ ਸਿੰਘ ਨੇ ਭਾਰਤੀ ਰਾਸ਼ਟਰੀ ਖੇਡਾਂ ਜੋ ਕੇ ਕੱਟਕ ਵਿਚ ਹੋਈਆਂ ਸਨ, ਵਿਚ 200 ਅਤੇ 400 ਮੀਟਰ ਦੌੜ ਵਿਚ ਰਿਕਾਰਡ ਸਥਾਪਿਤ ਕੀਤੇ ਅਤੇ ਇਸੇ ਫਾਰਮੈਟ ਵਿਚ ਏਸ਼ੀਆਈ ਖੇਡਾਂ ਸੋਨੇ ਦਾ ਤਮਗਾ ਜਿੱਤਿਆ |ਇਸੇ ਸਾਲ ਮਿਲਖਾ ਸਿੰਘ ਨੇ ਬ੍ਰਿਟਿਸ਼ ਐਮਪਾਇਰ ਤੇ ਕੋਮਨਵੈਲਥ ਖੇਡਾਂ ਵਿਚ 400 ਮੀਟਰ(440 ਯਾਰਡ ਉਸ ਟਾਈਮ) ਦੌੜ ਵਿਚ 46.6 ਸੈਕੰਡ ਦੇ ਸਮੇ ਨਾਲ ਸੋਨੇ ਦਾ ਤਮਗਾ ਜਿੱਤਿਆ |ਇਸ ਪ੍ਰਾਪਤੀ ਕਰ ਕੇ ਹੀ ਮਿਲਖਾ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਸੋਨ ਤਮਗਾ ਜੇਤੂ ਖਿਡਾਰੀ ਬਣੇ |ਮਿਲਖਾ ਸਿੰਘ ਤੋਂ ਬਾਅਦ ਵਿਕਾਸ ਗੋਂਡਾ ਦੇ 2014 ਵਿਚ ਸੋਨ ਤਗਮਾ ਜਿੱਤਣ ਤੋਂ ਪਹਿਲਾ ਉਹ ਇੱਕ ਮਾਤਰ ਅਜਿਹੇ ਖਿਡਾਰੀ ਸਨ ਜਿਹਨਾਂ ਨੇ ਭਾਰਤ ਨੂੰ ਕੋਮਨਵੈਲਥ ਖੇਡਾਂ ਵਿਚ ਵਿਅਕਤੀਗਤ ਤੌਰ ‘ਤੇ ਸੋਨ ਤਗਮਾ ਜਿਤਾਇਆ|
1962 ਦੀਆਂ ਏਸ਼ੀਆਈ ਖੇਡਾਂ ਜੋ ਕੇ ਜਕਾਰਤਾ ਵਿਚ ਹੋਈਆਂ ਸਨ, ਮਿਲਖਾ ਸਿੰਘ ਨੇ 400 ਮੀਟਰ ਤੇ 4 x 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ | ਮਿਲਖਾ ਸਿੰਘ ਨੇ 1964 ਵਿਚ ਓਲਿੰਪਿਕ ਖੇਡਾਂ (ਟੋਕੀਓ) ਵਿਚ ਵੀ ਭਾਗ ਲਿਆ ਜਿਸ ਵਿਚ ਉਹ 400 ਮੀਟਰ, 4 x 400 ਮੀਟਰ ਰੀਲੇਅ ਦੌੜ ਜਿੱਤ ਕੇ ਦਾਖ਼ਲ ਹੋਏ ਸਨ।




















