ਨਸ਼ਾ ਤਸਕਰਾਂ ਖਿਲਾਫ ਪਿੰਡ ਵਾਸੀਆਂ ਨੇ ਖੋਲ੍ਹਿਆ ਮੋਰਚਾ, ਬਣਾਈ ਟਾਸਕ ਫੋਰਸ
ਚੰਡੀਗੜ੍ਹ, 9 ਫਰਵਰੀ (ਵਿਸ਼ਵ ਵਾਰਤਾ)-: ਪੰਜਾਬ ਵਿਚ ਪੁਲਿਸ ਦੇ ਨਾਲ ਨਾਲ ਹੁਣ ਪਿੰਡ ਵਾਸੀਆਂ ਨੇ ਵੀ ਨਸ਼ੇ ਦੇ ਸੌਦਾਗਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਹੁਣ ਪਿੰਡਾਂ ਵਿਚ ਡੰਡਿਆਂ ਨੂੰ ਤੇਲ ਲਾ ਕੇ ਨਸ਼ਾ ਤਸਕਰਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਮਾਮਲਾ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਬਿਸ਼ਨੀਵਾਲਾ ਦਾ ਹੈ, ਜਿੱਥੇ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪਿੰਡ ਦੇ ਨਸ਼ਾ ਤਸਕਰਾਂ ਨੇ ਗੱਲ ਨਹੀਂ ਮੰਨੀ ਤਾਂ ਪਿੰਡ ਬਿਸ਼ਨੀਵਾਲਾ ਨੇ ਖੁਦ ਹੀ ਪ੍ਰਣ ਲਿਆ ਕਿ ਹੁਣ ਨਸ਼ੇ ਦੀ ਤਸਕਰੀ ਨੂੰ ਹੋਰ ਨਹੀਂ ਹੋਣ ਦਿੱਤਾ ਜਾਵੇਗਾ। ਇਹ ਜਾਣਕਾਰੀ ਸਮਾਜ ਸੇਵੀ ਬਲਰਾਜ ਸਿੰਘ ਪੰਨੂੰ ਵਾਸੀ ਬਿਸਨੀਵਾਲਾ ਨੇ ਦਿੱਤੀ ਹੈ।
ਸਮਾਜ ਸੇਵੀ ਬਲਰਾਜ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਤਸਕਰਾਂ ਦੀ ਵੱਧ ਰਹੀ ਗਿਣਤੀ ਅਤੇ ਪਿੰਡ ਵਿੱਚ ਲੜਾਈ-ਝਗੜੇ ਅਤੇ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 25 ਤਰੀਕ ਨੂੰ ਪਿੰਡ ਵਿੱਚ ਇੱਕੋ ਸਮੇਂ ਚਾਰ-ਪੰਜ ਘਰਾਂ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਲੁੱਟ ਲਈ ਗਈ ਸੀ ਅਤੇ ਪੀੜਤਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਨੇ ਇੱਕਜੁੱਟ ਹੋ ਕੇ ਇਸ ਖ਼ਿਲਾਫ਼ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜੇਕਰ ਪਿੰਡ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ।
ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਪੁਲੀਸ ਹਵਾਲੇ ਨਹੀਂ ਕੀਤਾ ਜਾਵੇਗਾ, ਪਿੰਡ ਵਾਸੀ ਉਸ ਨੂੰ ਆਪਣੇ ਤਰੀਕੇ ਨਾਲ ਸਮਝਾਉਣਗੇ। ਪਿੰਡ ਵਿੱਚ ਦਿਨ-ਰਾਤ 24 ਘੰਟੇ ਠੀਕਰੀ ਪਹਿਰਾ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਨਸ਼ਾ ਤਸਕਰ ਫੜੇ ਗਏ ਪਰ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੇ ਆਪਣੀ ਟਾਸਕ ਫੋਰਸ ਬਣਾਈ ਹੈ। ਇਸ ਲਈ ਹੁਣ ਧਿਆਨ ਰੱਖੋ ਕਿ ਪਿੰਡ ਬਿਸ਼ਨੀਵਾਲਾ ਵਿੱਚ ਜੇਕਰ ਕੋਈ ਸ਼ੱਕੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਹ ਹੁਣ ਠੀਕ ਨਹੀਂ ਹੈ।