ਹਸਪਤਾਲ ਦੇ ਸਟਾਫ਼ ਨੂੰ ਅਸੀਸਾਂ ਦਿੰਦੀ ਮਾਤਾ ਘਰ ਨੂੰ ਗਈ
ਭਰਾ ਅਜਾਇਬ ਸਿੰਘ ਨੇ ਭੈਣ ਦੇ ਠੀਕ ਹੋਣ ਦੀ ਖੁਸ਼ੀ ’ਚ ਹਸਪਤਾਲ ਨੂੰ ਦਿੱਤੀ ਇੱਕ ਮਹੀਨੇ ਦੀ ਪੈਨਸ਼ਨ
17 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਗੲੇ; ਹਸਪਤਾਲ ‘ਚ ਹੁਣ ਸਿਰਫ ਇਕ ਮਰੀਜ਼
ਨਵਾਂਸ਼ਹਿਰ, 19 ਅਪਰੈਲ( ਵਿਸ਼ਵ ਵਾਰਤਾ)- ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ ਅੱਜ ਇੱਕ ਹੋਰ ਮਰੀਜ਼ ਦੇ ਬਾਹਰ ਆਉਣ ਨਾਲ ਜ਼ਿਲ੍ਹੇ ’ਚ ਕੋਰੋਨਾ ’ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 17 ’ਤੇ ਪੁੱਜ ਗਈ ਹੈ। ਅੱਜ ਮਾਤਾ ਪ੍ਰੀਤਮ ਕੌਰ (72) ਜਦੋਂ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਤਾਂ ਐਂਬੂਲੈਂਸ ਤੱਕ ਆਉਂਦਿਆਂ ਹੀ ਉਨ੍ਹਾਂ ਨੇ ਨਮ ਅੱਖਾਂ ਨਾਲ ਹਸਪਤਾਲ ਦੇ ਸਟਾਫ਼ ਲਈ ਅਸੀਸਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਬਿਆਨ ਸ਼ਬਦਾਂ ਤੋਂ ਪਰੇ ਹੈ।
ਬੀਬੀ ਪ੍ਰੀਤਮ ਕੌਰ, ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦੇ ਮਾਤਾ ਹਨ, ਬੀਤੀ 26 ਮਾਰਚ ਨੂੰ ਆਪਣਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ। ਸਰਪੰਚ ਹਰਪਾਲ ਸਿੰਘ ਵੀ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਸਨ ਅਤੇ ਠੀਕ ਹੋਣ ਬਾਅਦ 7 ਅਪਰੈਲ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਏ ਸਨ।
ਆਪਣੀ ਭੈਣ ਦੇ ਠੀਕ ਹੋਣ ਦੀ ਖੁਸ਼ੀ ਸਾਂਝੀ ਕਰਨ ਵਿਸ਼ੇਸ਼ ਤੌਰ ’ਤੇ ਹਸਪਤਾਲ ਪੁੱਜੇ ਨਵਾਂ ਸ਼ਹਿਰ ਨੇੜਲੇ ਪਿੰਡ ਉਸਮਾਨਪੁਰ ਦੇ ਸਾਬਕਾ ਸਰਪੰਚ ਅਤੇ ਸੇਵਾਮੁਕਤ ਮੁੱਖ ਅਧਿਆਪਕ ਅਜਾਇਬ ਸਿੰਘ ਤਾਂ ਹਸਪਤਾਲ ਦੇ ਸਟਾਫ਼ ਦੀ ਸੇਵਾ ਭਾਵਨਾ ਤੋਂ ਇੰਨੇ ਖੁਸ਼ ਹੋਏ ਕਿ ਤੁਰੰਤ ਆਪਣੀ ਇੱਕ ਮਹੀਨੇ ਦੀ ਪੈਨਸ਼ਨ (40 ਹਜ਼ਾਰ ਰੁਪਏ) ਹਸਪਤਾਲ ਦੇ ਐਸ ਐਮ ਓ ਹਰਪਾਲ ਸਿੰਘ ਨੂੰ ਚੈੱਕ ਦੇ ਰੂਪ ’ਚ ਸੌਂਪ ਦਿੱਤੀ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 18 ਮਾਰਚ ਦੀ ਸਵੇਰ ਨੂੰ ਪਠਲਾਵਾ ਦੇ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਨੂੰ ਸ਼ੱਕੀ ਕੋਵਿਡ-19 ਪੀੜਤ ਮੰਨਦਿਆਂ ਉਸ ਦਾ ਲਿਆ ਟੈਸਟ ਪਾਜ਼ੇਟਿਵ ਆਉਣ ਬਾਅਦ, 19 ਅਪਰੈਲ ਤੋਂ 26 ਅਪਰੈਲ ਤੱਕ ਆਈਸੋਲੇਸ਼ਨ ਵਾਰਡ ’ਚ 18 ਮਰੀਜ਼ ਲਿਆਂਦੇ ਗਏ ਸਨ। ਇਨ੍ਹਾਂ ’ਚੋਂ 14 ਮਰੀਜ਼ ਸਵ. ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਸਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਹੁਣ ਸਿਰਫ਼ ਇੱਕ ਮਰੀਜ਼ ਹੀ ਰਹਿ ਗਿਆ ਹੈ, ਜਿਸ ਦਾ ਅਗਲੇ ਦੋ ਦਿਨਾਂ ’ਚ ਟੈਸਟ ਕਰਵਾਇਆ ਜਾਵੇਗਾ। ਇਹ ਮਰੀਜ਼ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਨਾਲ ਹੀ ਸਬੰਧਤ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੈ।
ਹਸਪਤਾਲ ਦੇ ਸਟਾਫ਼ ਵੱਲੋਂ ਅੱਜ ਮਾਤਾ ਪ੍ਰੀਤਮ ਕੌਰ ਨੂੰ ਫੁੱਲ ਦੇ ਕੇ ਹਸਪਤਾਲ ਤੋਂ ਵਿਦਾ ਕੀਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨ ਘਰ ਹੀ ਕੁਅਰਾਨਟਾਈਨ ਰਹਿਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਵੀ ਸਰਪੰਚ ਹਰਪਾਲ ਸਿੰਘ ਦੀ ਮਾਤਾ ਅਤੇ ਹਸਪਤਾਲ ’ਚ ਹੀ ਕੁਆਰੰਟੀਨ ਵਾਰਡ ’ਚ ਰਹਿ ਰਹੇ ਹਰਪਾਲ ਸਿੰਘ ਦੇ ਸੁਆਗਤ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ।
ਇਸ ਮੌਕੇ ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਅੱਜ 17 ਵੇਂ ਮਰੀਜ਼ ਦੇ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਨ੍ਹਾਂ 17 ’ਚੋਂ ਸਿਆਣੀ ਉਮਰ ਵਾਲੇ ਤਿੰਨ ਮਰੀਜ਼ ਬਿਲਕੁਲ ਤੰਦਰੁਸਤ ਰਹੇ ਅਤੇ ਸਿਹਤਯਾਬ ਹੋ ਕੇ ਘਰ ਪਰਤੇ। ਇਸ ਮੌਕੇ ਹਸਪਤਾਲ ਦੇ ਡਾਕਟਰ ਅਤੇ ਸਮੁੱਚਾ ਸਟਾਫ਼ ਵੀ ਮੌਜੂਦ ਸੀ।
ਫ਼ੋਟੋ ਕੈਪਸ਼ਨ: ਮਾਤਾ ਪ੍ਰੀਤਮ ਕੌਰ ਆਪਣੇ ਸਰਪੰਚ ਪੁੱਤਰ ਹਰਪਾਲ ਸਿੰਘ ਨਾਲ ਜ਼ਿਲ੍ਹਾ ਹਸਪਤਾਲ ਤੋਂ ਘਰ ਜਾਣ ਸਮੇਂ।
2: ਦੂਸਰੀ ਤਸਵੀਰ ’ਚ ਮਾਤਾ ਪ੍ਰੀਤਮ ਕੌਰ ਦਾ ਭਰਾ ਅਜਾਇਬ ਸਿੰਘ ਆਪਣੀ ਭੈਣ ਦੇ ਠੀਕ ਹੋਣ ’ਤੇ ਐਸ ਐਮ ਓ ਡਾ. ਹਰਵਿੰਦਰ ਸਿੰਘ ਦੀ ਹਾਜ਼ਰੀ ’ਚ ਸਟਾਫ਼ ਲਈ 40 ਹਜ਼ਾਰ ਦਾ ਚੈਕ ਦਿੰਦਾ ਹੋਇਆ।