ਅੱਜ PCS ਅਫਸਰਾਂ ਵਲੋਂ ਆਪਣੇ ਦਫਤਰਾਂ ‘ਚ ਹਾਜ਼ਰ ਰਹਿ ਕੇ ਨਿਪਟਾਏ ਗਏ ਬਕਾਇਆ ਕੰਮ
ਨਵਾਂਸ਼ਹਿਰ, 14 ਜਨਵਰੀ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਸਮੂਹਿਕ ਛੁੱਟੀ ਤੇ ਗਏ ਪੀਸੀਐੱਸ ਅਧਿਕਾਰੀਆਂ ਵੱਲੋਂ ਅੱਜ ਸ਼ਨੀਵਾਰ ਨੂੰ ਵੀ ਦਫਤਰਾਂ ਵਿੱਚ ਹਾਜ਼ਰ ਰਹਿ ਕੇ ਪੈਡਿੰਗ ਕੰਮ ਨਿਪਟਾਏ ਗਏ ਹਨ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਦਿਨੀਂ ਸੂਬੇ ਦੇ ਸਾਰੇ ਪੀਸੀਐੱਸ ਅਧਿਕਾਰੀ ਸਮੂਹਿਕ ਛੁੱਟੀ ਤੇ ਚਲੇ ਗਏ ਸਨ। ਇਸ ਤੋਂ ਮਗਰੋਂ ਉਹਨਾਂ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਸੀ, ਮੀਟਿੰਗ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਸੀ ਕਿ ਸਰਕਾਰ ਪੀਸੀਐੱਸ ਅਧਿਕਾਰੀਆਂ ਦੀਆਂ ਮੰਗਾਂ ਮੰਨੇਗੀ ਅਤੇ ਇਸ ਦੇ ਨਾਲ ਹੀ ਜਿਹੜੇ ਸਮੂਹਿਕ ਛੁੱਟੀ ਦੌਰਾਨ ਕੰਮ ਪੈਡਿੰਗ ਰਹਿ ਗਏ ਸਨ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦਫਤਰ ਆ ਕੇ ਪੂਰਾ ਕੀਤਾ ਜਾਵੇਗਾ।
ਪੰਜਾਬ ਸਿਵਲ ਸਰਵਿਸਜ਼ ਐਸੋਸੀਏਸ਼ਨ ਵਲੋਂ ਲਏ ਗਏ ਨਿਰਣੇ ਦੀ ਪਾਲਣਾ ਵਿੱਚ ਅੱਜ ਪੀਸੀਐੱਸ ਅਫਸਰਾਂ ਵੱਲੋਂ ਆਪਣੇ ਦਫਤਰਾਂ ਵਿੱਚ ਹਾਜ਼ਰ ਰਹਿ ਕੇ ਪੈਂਡਿੰਗ ਕੰਮ ਨਿਪਟਾਏ ਗਏ।
ਦੱਸ ਦੱਈਏ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਸਮੇਤ ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ ਅਤੇ ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਵਲੋਂ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਰਹਿ ਕੇ ਬਕਾਇਆ ਕੰਮ ਕੀਤਾ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨਵਾਂਸ਼ਹਿਰ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਦੱਸਿਆ ਕਿ ਪੀ ਸੀ ਐਸ ਅਧਿਕਾਰੀਆਂ ਦੇ ਸਮੂਹਿਕ ਛੁੱਟੀ ’ਤੇ ਜਾਣ ਦੌਰਾਨ ਜ਼ਿਲ੍ਹੇ ਚ ਵੀ ਏ ਡੀ ਸੀ ਤੇ ਐਸ ਡੀ ਐਮ ਦਫਤਰਾਂ ਵਿੱਚ ਫਾਈਲਾਂ ਤੇ ਹੋਰ ਕਾਰਜ ਪੱਛੜ ਗਏ ਸਨ, ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਬਾਅਦ ਦੁਪਹਿਰ ਹੜਤਾਲ ਖਤਮ ਹੋਣ ਬਾਅਦ ਕੁਝ ਕੰਮ ਵੀਰਵਾਰ ਤੇ ਸ਼ੁੱਕਰਵਾਰ ਦੇ ਦੋਵਾਂ ਕੰਮ-ਕਾਜੀ ਦਿਨਾਂ ਦੌਰਾਨ ਨਿਪਟਾਏ ਗਏ ਅਤੇ ਬਾਕੀ ਰਹਿ ਗਏ ਕੰਮ ਸ਼ਨਿਚਰਵਾਰ ਅਤੇ ਐਤਵਾਰ ਨੂੰ ਦਫ਼ਤਰ ਹਾਜ਼ਰ ਰਹਿ ਕੇ ਨਿਪਟਾ ਲਏ ਜਾਣਗੇ। ਉਨ੍ਹਾਂ ਕਿਹਾ ਕਿ ਉਂਜ ਤਾਂ ਏ ਡੀ ਸੀ ਜਾਂ ਐਸ ਡੀ ਐਮ ਪੱਧਰ ਦੇ ਅਧਿਕਾਰੀ ਹਮੇਸ਼ਾਂ ਹੀ ਡਿਊਟੀ ਤੇ ਸਮਝੇ ਜਾਂਦੇ ਹਨ ਪਰ ਪਿਛਲੇ ਦਿਨਾਂ ਦੀ ਪੈਂਡੇਂਸੀ ਨੁੰ ਖਤਮ ਕਰਨ ਲਈ ਇਹ ਹਾਜ਼ਰੀ ਜ਼ਰੂਰੀ ਸੀ। ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਐਨ ਓ ਸੀਜ਼ ਅਤੇ ਦਫ਼ਤਰ ਨਾਲ ਸਬੰਧਤ ਹੋਰ ਰੁਟੀਨ ਦੇ ਕੰਮ ਨਿਪਟਾਏ ਗਏ ਅਤੇ ਕੱਲ੍ਹ ਨੂੰ ਵੀ ਇਹ ਰੁਟੀਨ ਜਾਰੀ ਰਹੇਗੀ।
ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਆਪਣੇ ਦਫ਼ਤਰ ਹਾਜ਼ਰ ਰਹਿ ਕੇ ਬਕਾਇਆ ਪਈਆਂ ਆਨਲਾਈਨ ਫਾਈਲਾਂ, ਪ੍ਰਮਿਸ਼ਨਾਂ ਅਤੇ ਲਾਇੰਸੰਸਾਂ ਨਾਲ ਸਬੰਧਤ ਕੰਮ ਦੇਖੇ ਗਏ। ਉਨ੍ਹਾਂ ਕਿਹਾ ਕਿ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਚਾਹੇ ਉਹ ਹਮੇਸ਼ਾਂ ਹੀ ਆਨ-ਡਿਊਟੀ ਸਮਝੇ ਜਾਂਦੇ ਹਨ ਪਰ ਛੁੱਟੀ ਵਾਲੇ ਦਿਨ ਦਫ਼ਤਰ ਹਾਜ਼ਰੀ ਬਕਾਇਆ ਕੰਮ ਨੂੰ ਨਿਪਟਾਉਣ ਲਈ ਜ਼ਰੂਰੀ ਸੀ।
ਬਾਅਦ ਵਿੱਚ ਏ ਡੀ ਸੀ ਤੇ ਐਸ ਡੀ ਐਮ ਨਵਾਂਸ਼ਹਿਰ ਵੱਲੋਂ ਐਸ ਡੀ ਐਮ ਦਫ਼ਤਰ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਦਾ ਜਾਇਜ਼ਾ ਵੀ ਲਿਆ ਗਿਆ।
ਜ਼ਿਕਰਯੋਗ ਹੈ ਕਿ ਪੀ ਸੀ ਐਸ ਅਧਿਕਾਰੀਆਂ ਵੱਲੋਂ ਆਪਣੀ ਸਮੂਹਿਕ ਛੁੱਟੀ ਦੌਰਾਨ ਪ੍ਰਭਾਵਿਤ ਹੋਏ ਦਫ਼ਤਰੀ ਕੰਮ-ਕਾਰ ਨੂੰ ਸ਼ਨਿਚਰਵਾਰ ਤੇ ਐਤਵਾਰ ਦੀਆਂ ਛੁੱਟੀਆਂ ਦੌਰਾਨ ਨਿਪਟਾਏ ਜਾਣ ਦੇ ਫੈਸਲੇ ਦੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਵੀ ਬੀਤੇ ਕਲ੍ਹ ਸ਼ਲਾਘਾ ਕੀਤੀ ਗਈ ਸੀ।