ਨਗਰ ਕੌਸਲ ਮਾਨਸਾ ਨੇ ਜਾਰੀ ਕੀਤੇ ਐਨ.ਓ.ਸੀ ਦਾ ਮਾਮਲਾ ਭਖਿਆ, ਕੌਂਸਲ ’ਚ ਐਸਡੀਐਮ ਰਿਕਾਰਡ ਕੀਤਾ ਜ਼ਬਤ
ਮਾਨਸਾ, 17 ਫਰਵਰੀ(ਵਿਸ਼ਵ ਵਾਰਤਾ)-ਨਗਰ ਕੌਸਲ ਮਾਨਸਾ ਦੇ ਉਚ ਅਧਿਕਾਰੀਆਂ ਨੇ ਕਲੌਨੀਆਂ ਲਈ ਜ਼ਮੀਨ ਵੇਚਣ ਵਾਲਿਆਂ ਖਿਲਾਫ਼ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਹੁਣ ਅਚਾਨਕ ਹੀ ਅੱਜ ਨਗਰ ਕੌਸਲ ਵਿੱਚ ਜਾਅਲੀ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ) ਦੇਣ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਮਾਨਸਾ ਦੇ ਐਸਡੀਐਮ ਪ੍ਰਮੋਦ ਸਿੰਗਲਾ ਵੱਲੋਂ ਕੌਂਸਲ ’ਚੋਂ ਰਿਕਾਰਡ ਨੂੰ ਹਾਸਲ ਕਰਕੇ ਬਕਾਇਦਾ ਇਸ ਦੀ ਜਾਂਚ-ਪੜਤਾਲ ਆਰੰਭ ਕਰ ਦਿੱਤੀ ਹੈ, ਜਿਸ ਨੂੰ ਲੈਕੇ ਮਾਲ ਮਹਿਕਮੇ ਅਤੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਪਿ੍ਰੰਸੀਪਲ ਬੁੱਧਰਾਮ ਵੱਲੋਂ ਜਾਅਲੀ ਐਨ.ਓ.ਸੀ ਅਤੇ ਕਲੌਨੀਆਂ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਦੀ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਕਲੌਨੀਆਂ ਲਈ ਜ਼ਮੀਨਾਂ ਵੇਚਣ ਦੇ ਮਾਮਲੇ ਸਬੰਧੀ ਮਾਨਸਾ ਦੇ ਥਾਣਾ ਸਿਟੀ-1 ਅਤੇ ਥਾਣਾ ਸਿਟੀ-2 ਵਿੱਚ ਦਰਜ ਹੋਏ ਪਰਚੇ ਤੋਂ ਬਾਅਦ, ਜਦੋਂ ਕਿਸਾਨਾਂ ਨੇ ਇਸ ਮਾਮਲੇ ਨੂੰ ਲੈਕੇ, ਕੌਸਲ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਫ਼ਸਰਾਂ ਦੀ ਮਿਲੀਭੁਗਤ ਦਾ ਮਾਮਲਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਪੜਤਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਕੇ ਉਚ ਪੱਧਰੀ ਟੀਮ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਇਸੇ ਦੌਰਾਨ ਹੀ ਮਾਨਸਾ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੱਲੋਂ ਜਾਅਲੀ ਐਨ.ਓ.ਸੀ ਸਬੰਧੀ ਇੱਕ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸਮੇਤ ਮਾਲ ਮਹਿਕਮੇ ਦੇ ਉਚ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਇਥੇ ਕੁੱਝ ਸਰਕਾਰੀ ਅਧਿਕਾਰੀਆਂ ਦਾ ਬੋਗਸ ਐਨ.ਓ.ਸੀ ਵਿੱਚ ਨਾਮ ਬੋਲਣ ਲੱਗ ਪਿਆ ਸੀ, ਜਿਸ ਲਈ ਮਾਮਲਾ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਇਹ ਕਮੇਟੀ ਬਣਾਉਣੀ ਪਈ ਹੈ।
ਸ਼ਹਿਰ ਵਿੱਚ ਜਾਅਲੀ ਐਨ.ਓ.ਸੀ ਦੇ ਮਾਮਲੇ ਸ਼ੋਸਲ ਮੀਡੀਆ ’ਤੇ ਅੱਜ ਸਾਰਾ ਦਿਨ ਨਸ਼ਰ ਹੁੰਦੇ ਰਹੇ, ਜਿਸ ਨੂੰ ਲੈਕੇ ਕੌਂਸਲ ਅਧਿਕਾਰੀਆਂ ਸਮੇਤ ਤਹਿਸੀਲ ਵਿੱਚ ਰਜਿਸਟਰੀਆਂ ਕਰਨ ਵਾਲੇ ਛੋਟੇ ਤੇ ਵੱਡੇ ਅਧਿਕਾਰੀ ਘਬਰਾ ਗਏ ਹਨ। ਇਨ੍ਹਾਂ ਐਨ.ਓ.ਸੀ ਦੀ ਪੜਤਾਲ ਕਰ ਰਹੇ ਐਸਡੀਐਮ ਪ੍ਰਮੋਦ ਸਿੰਗਲਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਜੋ ਵੀ ਕਸੂਰਵਾਰ ਹੋਇਆ ਹੈ, ਉਸ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ।
ਦੂਜੇ ਪਾਸੇ ਨਗਰ ਕੌਸਲ ਵੱਲੋਂ ਕਲੌਨੀਆਂ ਲਈ ਜ਼ਮੀਨਾਂ ਵੇਚਣ ਵਾਲਿਆਂ ਖਿਲਾਫ਼ ਦਰਜ ਕੀਤੇ ਕੇਸ ਤੋਂ ਮਗਰੋਂ ਕਿਸਾਨ ਜਥੇਬੰਦੀਆਂ,ਆੜਤੀਆ ਐਸੋਸੀਏਸ਼ਨ,ਵਪਾਰ ਮੰਡਲ ਸਮੇਤ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਤੇਵਰ ਤਿੱਖੇ ਹੋ ਗਏ ਹਨ, ਜਿੰਨ੍ਹਾਂ ਨੇ 19 ਫਰਵਰੀ ਨੂੰ ਸਿਲਵਰ ਸਿਟੀ ਮਾਨਸਾ ਕਲੌਨੀ ਵਿੱਚ ਕੌਂਸਲ ਪ੍ਰਬੰਧਕਾਂ ਖਿਲਾਫ਼ ਸੰਘਰਸ਼ ਆਰੰਭ ਕਰਨ ਲਈ ਵਿਸ਼ੇਸ ਮੀਟਿੰਗ ਸੱਦੀ ਲਈ ਗਈ ਹੈ।ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਬਹੁਤੀਆਂ ਕਲੌਨੀਆਂ ਵਿੱਚ ਜੱਦੀ ਕਿਸਾਨਾਂ ਜਾਂ ਜੱਦੀ ਵਪਾਰੀਆਂ ਦੇ ਉੱਪਰ ਨਜਾਇਜ਼ ਪਰਚੇ ਕੀਤੇ ਗਏ ਹਨ, ਜਦੋਂ ਕਿ ਇਹ ਕਲੌਨੀਆਂ ਵਿੱਚ ਨਗਰ ਕੌਂਸਲ ਵੱਲੋਂ ਵੱਖ-ਵੱਖ ਸਮਿਆਂ ’ਤੇ ਨਕਸ਼ੇ,ਐਨ.ਓ.ਸੀ., ਬਿਜਲੀ,ਸੀਵਰੇਜ਼,ਵਾਟਰ ਸਪਲਾਈ ਕੁਨੈਕਸ਼ਨਾਂ ਸਮੇਤ ਸਟਰੀਟ ਲਾਈਟ ਅਤੇ ਸੜਕਾਂ ਨੂੰ ਬਣਾਇਆ ਹੋਇਆ ਹੈ।
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ,ਸੁਰਿੰਦਰ ਪੱਪੀ ਦਾਨੇਵਾਲੀਆ,ਐਡਵੋਕੇਟ ਰਾਹੁਲ ਗੁਪਾਲ,ਸੰਜੇ ਜੈਨ ਨੇ ਵੀ ਸੰਬੋਧਨ ਕੀਤਾ।