ਨਗਰ ਕੌਂਸਲ ਮਾਨਸਾ ਨੇ 60 ਲਾਵਾਰਿਸ ਪਸ਼ੂ ਗਊਸ਼ਾਲਾ ਭੇਜੇ
ਲਗਾਤਾਰ ਜਾਰੀ ਰਹੇਗੀ ਮੁਹਿੰਮ : ਪ੍ਰਧਾਨ ਨਗਰ ਕੌਂਸਲ
ਮਾਨਸਾ, 30 ਮਾਰਚ (ਵਿਸ਼ਵ ਵਾਰਤਾ )-ਨਗਰ ਕੌਂਸਲ ਮਾਨਸਾ ਨੇ ਵੀਰਵਾਰ ਨੂੰ ਕਚਹਿਰੀ ਰੋਡ ਅਤੇ ਪਿੱਪਲ ਕਲੋਨੀ ਵਿਚ ਸੜਕਾਂ ਤੇ ਘੁੰਮਦੇ 60 ਲਾਵਾਰਿਸ ਪਸ਼ੂਆਂ ਨੂੰ ਫੜ ਕੇ ਰਮਦਿੱਤੇਵਾਲਾ ਗਊਸ਼ਾਲਾ ਵਿਚ ਭੇਜਿਆ ਹੈ। ਇਸ ਤੋਂ ਪਹਿਲਾਂ 30 ਪਸ਼ੂ ਬੀਤੀ ਕੱਲ ਕਾਬੂ ਕੀਤੇ ਗਏ ਸਨ। ਨਗਰ ਕੌਂਸਲ ਦਾ ਕਹਿਣਾ ਹੈ ਕਿ ਇਹ ਅਭਿਆਨ ਸੰਤ ਬਾਬਾ ਬੋਧਾ ਨੰਦ ਗਊਸ਼ਾਲਾ ਕਮੇਟੀ ਰਮਦਿੱਤੇਵਾਲਾ ਦੇ ਸਹਿਯੋਗ ਨਾਲ ਜਾਰੀ ਰਹੇਗਾ।
ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਨੀਨੂੰ, ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ ਇਨ੍ਹਾਂ ਪਸ਼ੂਆਂ ਕਾਰਨ ਵਾਪਰ ਚੁੱਕੀਆਂ ਹਨ। ਜਿਸ ਵਿਚ ਕਈ ਵਿਅਕਤੀ ਜਾਨ ਵੀ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਕੌਂਸਲ ਮਾਨਸਾ ਨੇ ਲਾਵਾਰਿਸ ਪਸ਼ੂ ਸੰਭਾਲੋ ਅਭਿਆਨ ਚਲਾਇਆ ਹੈ। ਜਿਸ ਵਿਚ ਉਕਤ ਗਊਸ਼ਾਲਾ ਨੇ ਇਨ੍ਹਾਂ ਪਸ਼ੂਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਕਚਹਿਰੀ ਰੋਡ ਤੋਂ 60 ਲਾਵਾਰਿਸ ਪਸ਼ੂਆਂ ਨੂੰ ਫੜ ਕੇ ਪਿੱਪਲ ਕਲੋਨੀ ਵਿਖੇ ਇਕੱਤਰ ਕੀਤਾ ਗਿਆ ਅਤੇ ਬਾਅਦ ਵਿਚ ਗਊਸ਼ਾਲਾ ਭੇਜ ਦਿੱਤਾ ਹੈ। ਨਗਰ ਕੌਂਸਲ ਪ੍ਰਧਾਨ ਵਿਜੇ ਸਿੰਗਲਾ ਨੇ ਦੱਸਿਆ ਕਿ ਕੌਂਸਲ ਨੂੰ ਇਸ ਵਾਸਤੇ ਲੋਕਾਂ ਅਤੇ ਗਊਸ਼ਾਲਾ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਨ੍ਹਾਂ ਪਸ਼ੂਆਂ ਕਾਰਨ ਸੜਕੀ ਘਟਨਾਵਾਂ ਵੀ ਨਾ ਹੋਣ ਅਤੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਲਾਵਾਰਿਸ ਪਸ਼ੂਆਂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੜਾਅ ਦਰ ਪੜਾਅ ਸੜਕਾਂ ਤੇ ਘੁੰਮਦੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਿਆ ਜਾਵੇਗਾ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੱਤਪਾਲ ਬਾਂਸਲ ਨੇ ਕਿਹਾ ਕਿ ਗਊਸ਼ਾਲਾ ਆਪਣੇ ਵਲੋਂ ਸਮਰੱਥਾ ਦੇ ਮੁਤਾਬਿਕ ਲਾਵਾਰਿਸ ਪਸ਼ੂਆਂ ਨੂੰ ਸੰਭਾਲਣ ਲਈ ਤਿਆਰ ਹੈ ਪਰ ਇਸ ਨੂੰ ਸਰਕਾਰ ਦੀ ਮਿਹਰਬਾਨੀ ਦੀ ਲੋੜ ਹੈ। ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਨਗਰ ਕੌਂਸਲ ਲੀਗਲ ਸੈਲ ਦੇ ਇੰਚਾਰਜ ਐਡਵੋਕੇਟ ਰਣਵੀਰ ਸ਼ਰਮਾ, ਇੰਦਰਜੀਤ ਸਿੰਘ ਉਭਾ, ਰਣਜੀਤ ਸਿੰਘ, ਰਜੀਵ ਠੇਕੇਦਾਰ, ਸਤੀਸ਼ ਮਹਿਤਾ ਅਤੇ ਅੰਮ੍ਰਿਤਪਾਲ ਸਿੰਘ ਗੋਗਾ ਹਾਜ਼ਰ ਸਨ।