ਨਗਰ ਕੋਂਸਲ ਚੋਣਾਂ ਵਿੱਚ ਜਿੱਤੇ ਪੰਜਾਬ ਦੇ ਇਕਲੌਤੇ ਮਹੰਤ (ਕਿੰਨਰ)
ਲੋਕਾਂ ਨੂੰ ਵਧਾਈਆਂ ਦੇਣ ਵਾਲੇ ਨੂੰ, ਹੁਣ ਮਿਲਣ ਲੱਗੀਆਂ ਲੋਕਾਂ ਦੀਆਂ ਵਧਾਈਆਂ

ਮਾਨਸਾ, 17 ਫਰਵਰੀ (ਵਿਸ਼ਵ ਵਾਰਤਾ)-ਮਾਨਸਾ ਸ਼ਹਿਰ ਦੇ ਵਾਰਡ ਨੰ: 27 ਤੋਂ ਕਾਂਗਰਸ ਪਾਰਟੀ ਦੇ ਸੰਦੀਪ ਮਹੰਤ ਨੇ ਚੋਣ ਜਿੱਤੀ ਹੈ ਅਤੇ ਉਹ ਸੂਬੇ ਭਰ ਵਿੱਚੋਂ ਨਗਰ ਕੋਂਸਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਇਕਲੌਤੇ ਕਿੰਨਰ ਹਨ। ਰਾਜ ਭਰ ਵਿੱਚੋਂ ਕਿੰਨਰਾਂ ਦੀ ਨਗਰ ਕੋਂਸਲ ਚੋਣਾਂ ਵਿੱਚ ਸੰਦੀਪ ਮਹੰਤ ਦੀ ਹੀ ਚੋਣ ਹੋਈ ਹੈ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਮਾਨਸਾ ਦੇ ਵਾਰਡ ਨੰ: 27 ਤੋਂ ਟਿਕਟ ਉਮੀਦਵਾਰ ਬਣਾਇਆ ਸੀ। ਇਸ ਵਾਰਡ ਵਿੱਚ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੁਖਜੀਤ ਕੌਰ, ਸ੍ਰੋਮਣੀ ਅਕਾਲੀ ਦਲ ਦੀ ਗੁਰਮੀਤ ਕੌਰ ਅਤੇ ਆਪ ਦੀ ਸੀਤੀ ਕੌਰ ਨਾਲ ਸੀ। ਉਨ੍ਹਾਂ ਦੀ ਜਿੱਤ ਤੇ ਕਿੰਨਰ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਉਨ੍ਹਾਂ ਦੀ ਜਿੱਤ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਸੰਕੇਤ ਦਿੱਤਾ ਕਿ ਅਜਿਹੇ ਕੌਂਸਲਰ ਨੂੰ ਪਾਰਟੀ ਵੱਲੋਂ ਨਗਰ ਕੌਸਲ ਮਾਨਸਾ ਦੇ ਮੁੱਖ ਅਹੁਦੇਦਾਰਾਂ ਵਿੱਚ ਮਾਣ-ਸਨਮਾਨ ਦਿੱਤੇ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਫੇਸਲਾ ਪਾਰਟੀ ਹਾਈ-ਕਮਾਂਡ ਲਵੇਗੀ ਅਤੇ ਦੇਖਿਆ ਜਾਵੇਗਾ ਕਿ ਇਸ ਸੰਬੰਧੀ ਨਗਰ ਕੋਂਸਲ ਮਾਨਸਾ ਦੀ ਪ੍ਰਧਾਨਗੀ ਕਿਹੜੇ ਵਰਗ ਨੂੰ ਰਾਖਵੀਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਡ ਤੋਂ ਜਿੱਤ ਹਾਸਲ ਕਰਕੇ ਕਿੰਨਰ ਵਰਗ ਦਾ ਮਾਣ ਸਨਮਾਨ ਅਤੇ ਰੁਤਬਾ ਵਧਾਇਆ ਹੈ।
ਸੰਦੀਪ ਮਹੰਤ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਸੇਵਾਦਾਰ ਬਣਕੇ ਇਸ ਵਾਰਡ ਦੀ ਸੇਵਾ ਕਰਨਗੇ ਅਤੇ ਉਨ੍ਹਾਂ ਨੂੰ ਲੋਕਾਂ ਅਤੇ ਕਾਂਗਰਸ ਪਾਰਟੀ ਨੇ ਜੋ ਮਾਣ-ਸਨਮਾਨ ਬਖਸਿਆ ਹੈ, ਉਹ ਇਸ ਦੇ ਰਿਣੀ ਰਹਿਣਗੇ। ਉਨ੍ਹਾਂ ਵੱਲੋਂ ਆਮ ਤੌਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਸਨ,ਪਰ ਅੱਜ ਉਨ੍ਹਾਂ ਦੀ ਜਿੱਤ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।






















