15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਬੰਦੀ ਸਿੱਖ ਰਿਹਾਅ ਕਰਕੇ ਸਿੱਖਾਂ ਨੂੰ ਅਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ : ਭੋਮਾ
ਚੰਡੀਗੜ੍ਹ,10 ਅਗਸਤ(ਵਿਸ਼ਵ ਵਾਰਤਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀਂ ਗਠਿਤ ਕੀਤੀ ਗਈ ਧਾਰਮਿਕ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਣ ਵਾਸਤੇ ਦੇਸ਼ ਦੇ ਅਜ਼ਾਦੀ ਦਿਹਾੜੇ ਤੇ ਸਿੱਖ ਬੰਦੀਆਂ ਨੂੰ ਰਿਹਾਅ ਕਰਕੇ ਸਿੱਖਾਂ ਨੂੰ ਵੀ ਅਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ । ਉਹਨਾਂ ਕਿਹਾ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਬੰਦੀ ਸਿੱਖ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ ? ਉਹਨਾਂ ਕਿਹਾ ਜਦੋਂ ਮਾਣਯੋਗ ਅਦਾਲਤਾਂ ਵਲੋਂ ਦਿੱਤੀਆਂ ਸਜ਼ਾਵਾਂ ਬੰਦੀ ਸਿੱਖ ਪੂਰੀਆਂ ਕਰ ਚੁੱਕੇ ਹਨ। ਫ਼ਿਰ ਬੰਦੀ ਸਿੱਖਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ । ਉਹਨਾਂ ਕਿਹਾ ਇੱਕ ਦੇਸ਼ ਵਿੱਚ ਦੋ ਕਨੂੰਨ ਕੰਮ ਕਰ ਰਹੇ ਹਨ ? ਦੇਸ਼ ਵਿੱਚ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਰਹੇ ਹਨ। ਦੂਜੇ ਪਾਸੇ ਇਹੋ ਕਨੂੰਨ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕਰ ਰਿਹਾ । ਇਹ ਕਿਉਂ ?
ਜਾਰੀ ਬਿਆਨ ਵਿੱਚ ਭਾਈ ਭੋਮਾ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਮਾਂਝੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਹੈ। ਦੁਆਬੇ ਮਾਲਵੇ ਵਿੱਚ ਧਰਮ ਪ੍ਰਚਾਰ ਸ਼ੁਰੂ ਕਰਨ ਲਈ ਪੰਥਕ ਦਰਦੀਆਂ ਤੇ ਧਾਰਮਿਕ ਸ਼ਖ਼ਸੀਅਤਾਂ ਨਾਲ਼ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਅੱਜ ਇਸ ਮੌਕੇ ਉਹਨਾਂ ਨਾਲ ਕੁਲਬੀਰ ਸਿੰਘ ਗੰਡੀਵਿੰਡ , ਹਰਜੀਤ ਸਿੰਘ ਪੁਰੇਵਾਲ , ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਦਲਜੀਤ ਸਿੰਘ ਪਾਖਰਪੁਰਾ , ਭਾਈ ਦੀਦਾਰ ਸਿੰਘ ਚੌਧਰਪੁਰਾ ਹਾਜ਼ਰ ਸਨ ।























