-ਭ੍ਰਿਸ਼ਟਾਚਾਰੀਆਂ ਨੂੰ ਕਲੀਨ ਚਿੱਟ ਦੇਣ ਦੀ ਜ਼ਿੱਦ ਨਾ ਛੱਡੀ ਤਾਂ ਮੁੱਖ ਮੰਤਰੀ ਦਾ ਫਾਰਮ ਹਾਊਸ ਘੇਰਾਂਗੇ- ਹਰਪਾਲ ਸਿੰਘ ਚੀਮਾ
-ਘੁਟਾਲੇ ‘ਚ ਧਾਲੀਵਾਲ ਦੀ ਭੂਮਿਕਾ ਸ਼ੱਕੀ, ਮੁੱਖ ਮੰਤਰੀ ਤੇ ਜਾਖੜ ਦੀ ਚੁੱਪੀ ‘ਤੇ ਉਠਾਏ ਸਵਾਲ
ਚੰਡੀਗੜ੍ਹ, 8 ਸਤੰਬਰ 2020 (ਵਿਸ਼ਵ ਵਾਰਤਾ)-ਦਲਿਤ ਵਿਦਿਆਰਥੀਆਂ ਨਾਲ ਸੰਬੰਧਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਦੇ ਬਹੁਕਰੋੜੀ ਘੁਟਾਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ-ਨਾਲ ਹੁਣ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦਾ ਨਾਮ ਉੱਛਲਨ ‘ਤੇ ਆਮ ਆਦਮੀ ਪਾਰਟੀ (ਆਪ) ਨੇ ਧਾਲੀਵਾਲ ਵਿਰੁੱਧ ਵੀ ਫਗਵਾੜਾ ‘ਚ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਸਵਾਲ ਉਠਾਇਆ ਹੈ ਕਿ ਆਖ਼ਿਰ ਅਜਿਹੀ ਕਿਹੜੀ ਮਜਬੂਰੀ ਹੈ ਕਿ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਲੱਖਾਂ ਦਲਿਤ ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਕਤਲ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਇਸ ਪੂਰੇ ਗਿਰੋਹ ਨੂੰ ਬਚਾਉਣ ‘ਤੇ ਲੱਗੇ ਹੋਏ ਹਨ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਸੀਨੀਅਰ ਆਈਏਐਸ ਵੱਲੋਂ ਦਸਤਾਵੇਜ਼ੀ ਸਬੂਤਾਂ ਨਾਲ ਕੀਤੀ ਜਾਂਚ ਨੇ ਇਸ ਗਿਰੋਹ ਦੇ ਸਰਗਨਾ ਮੰਤਰੀ ਸਮੇਤ ਸਮੁੱਚੇ ਭ੍ਰਿਸਟਤੰਤਰ ਦੇ ਪਾਜ ਉਧੇੜ ਦਿੱਤੇ ਹਨ, ਪਰੰਤੂ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਸ ਢੀਠਤਾ ਜਾਂ ਬੇਵਸੀ ਕਾਰਨ ਧਰਮਸੋਤ ਨੂੰ ਬਰਖ਼ਾਸਤ ਕਰਨ ਤੋਂ ਝਿਜਕ ਰਹੇ ਹਨ, ਉਸ ਤੋਂ ਸਿੱਧਾ ਸ਼ੱਕ ਪੈਂਦਾ ਹੈ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਖ਼ੁਰਦ-ਬੁਰਦ ਕੀਤੀ ਰਾਸ਼ੀ ਦਾ ਵੱਡਾ ਹਿੱਸਾ ਮੁੱਖ ਮੰਤਰੀ ਦੇ ‘ਮੋਤੀ ਮਹਿਲ’ ਜਾਂ ਸਿੱਸਵਾਂ ਫਾਰਮ ਹਾਊਸ ਪਹੁੰਚਿਆ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਮੰਤਰੀ ਅਤੇ ਡਿਪਟੀ ਡਾਇਰੈਕਟਰ 64 ਕਰੋੜ ਰੁਪਏ ਦੇ ਯੋਜਨਾਬੱਧ ਘਪਲਾ ਕਰ ਜਾਣ, ਪਰੰਤੂ ਸਮਾਜਿਕ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭਿਣਕ ਤੱਕ ਵੀ ਨਾ ਪਵੇ ਅਤੇ ਉਸ ਸਮੇਂ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਹੀ ਸਨ।
ਚੀਮਾ ਨੇ ਐਲਾਨ ਕੀਤਾ ਕਿ ਜਦ ਤੱਕ ਧਰਮਸੋਤ ਅਤੇ ਬਾਕੀ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਕੇਸ ਦਰਜ਼ ਨਹੀਂ ਕੀਤੇ ਜਾਂਦੇ ਉਦੋਂ ਤੱਕ ‘ਆਪ’ ਦਾ ਨਾਭੇ ਵਿਖੇ ਜਾਰੀ ਰੋਸ ਧਰਨਾ (ਜੋ ਅੱਜ 9ਵੇਂ ਦਿਨ ‘ਚ ਪਹੁੰਚ ਗਿਆ ਹੈ) ਜਾਰੀ ਰਹੇਗਾ ਅਤੇ ਫਗਵਾੜਾ ‘ਚ ਇੱਕ ਹੋਰ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਮੁੱਖ ਮੰਤਰੀ ਧਰਮਸੋਤ ਨੂੰ ‘ਕਲੀਨ ਚਿੱਟ’ ਦੇਣ ਲਈ ਬਜ਼ਿਦ ਰਹਿੰਦੇ ਹਨ ਤਾਂ ਆਉਂਦੇ ਦਿਨਾਂ ‘ਚ ‘ਆਪ’ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰੇਗੀ।
ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਇਸ ਘੁਟਾਲੇ ਲਈ ਗਠਿਤ ਕੇਂਦਰੀ ਜਾਂਚ ਟੀਮ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਕੰਮ ਕਰੇ ਅਤੇ ਜਾਂਚ ਦੇ ਦਾਇਰੇ ‘ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਭੂਮਿਕਾ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇ।