ਵਾਪਰਿਆ ਭਿਆਨਕ ਸੜਕ ਹਾਦਸਾ
ਦੋ ਕੈਂਟਰਾਂ ਦੀ ਹੋਈ ਟੱਕਰ, ਇਕ ਦੀ ਮੌਤ
ਚੰਡੀਗੜ੍ਹ, 31ਜੁਲਾਈ(ਵਿਸ਼ਵ ਵਾਰਤਾ)-ਥਾਣਾ ਸਰਹਿੰਦ ਜੀਟੀ ਰੋਡ ਨੇੜੇ ਦੋ ਕੈਂਟਰਾਂ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (19) ਵਾਸੀ ਕੋਟਲਾ ਡਡਹੇੜੀ ਵਜੋਂ ਹੋਈ ਹੈ। ਮ੍ਰਿਤਕ ਦੇ ਮਾਮਾ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕੈਂਟਰ ਟੈਂਪੂ ਤੇ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਉਹ ਬੀਤੀ ਸ਼ਾਮ ਮੰਡੀ ਗੋਬਿੰਦਗੜ੍ਹ ਤੋਂ ਲੋਹਾ ਲੋਡ ਕਰਕੇ ਡੇਰਾਬਸੀ ਜਾ ਰਿਹਾ ਸੀ ਤਾਂ ਉਸ ਦਾ ਸਰਹਿੰਦ ਨੇੜੇ ਕੈਂਟਰ ਵਿਚ ਟੱਕਰ ਹੋਣ ਨਾਲ ਉਸ ਦੀ ਮੌਤ ਹੋ ਗਈ।
ਥਾਣਾ ਸਰਹਿੰਦ ਦੇ ਏ ਐੱਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਕਿ ਮੰਡੀ ਗੋਬਿੰਦਗਡ਼੍ਹ ਤੋਂ ਲੋਹੇ ਦੇ ਐਂਗਲ ਲੋਡ ਕਰਕੇ ਡੇਰਾਬਸੀ ਜਾ ਰਿਹਾ ਸੀ ਜਦੋਂ ਉਹ ਥਾਣਾ ਸਰਹਿੰਦ ਨੇੜੇ ਪੁੱਜਾ ਤਾਂ ਰੋਡ ਤੇ ਖੜ੍ਹੇ ਖ਼ਰਾਬ ਟੈਂਪੂ ਕੈਂਟਰ ਦੇ ਪਿੱਛੇ ਉਸ ਦੀ ਜ਼ੋਰਦਾਰ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਸੁਖਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਕੈਂਟਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ।ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ।