ਜਥੇਬੰਦੀਆਂ ਮੁਆਵਜਾ, ਨੌਕਰੀ ਅਤੇ ਕਰਜਾ ਮੁਆਫੀ ਤੋਂ ਸਸਕਾਰ ਕਰਨ *ਤੇ ਅਡ਼ੀਆਂ
ਮਾਨਸਾ, 5 ਮਾਰਚ (ਵਿਸ਼ਵ ਵਾਰਤਾ)- ਅੱਜ 7 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਦੇ ਜ਼ਿਲ੍ਹਾ ਕੰਪਲੈਕਸ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ—ਵੱਖ ਬੁਲਾਰਿਆਂ ਨੇ ਐਲਾਨ ਕੀਤਾ ਕਿ 3 ਅਪਰੈਲ ਨੂੰ ਚੰਡੀਗਡ਼੍ਹ ਰੈਲੀ ਤੋਂ ਵਾਪਸੀ ਦੌਰਾਨ ਸਡ਼ਕ ਹਾਦਸੇ ਵਿੱਚ ਸ਼ਹੀਦ ਹੋਏ ਕਿਸਾਨ ਸੁਰਜੀਤ ਸਿੰਘ ਖੀਵਾ ਕਲਾਂ ਅਤੇ ਅਜਮੇਰ ਸਿੰਘ ਕਾਹਨਗਡ਼੍ਹ ਤੋਂ ਇਲਾਵਾ ਹਾਦਸੇ ਦੌਰਾਨ ਸਖਤ ਫੱਟਡ਼ ਹੋਏ 4 ਕਿਸਾਨਾਂ ਨੂੰ ਅਤੇ ਪੀਡ਼ਤ ਪਰਿਵਾਰਾਂ ਨੂੰ 10—10 ਲੱਖ ਰੁਪਏ ਮੁਆਵਜਾ ਅਤੇ ਫੱਟਡ਼ ਹੋਏ ਕਿਸਾਨਾਂ ਨੂੰ 1—1 ਲੱਖ ਰੁਪਏ ਮੁਆਵਜਾ ਅਤੇ ਪਰਿਵਾਰ ਦੇ 1—1 ਮੈਂਬਰ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸ਼ਹੀਦ ਕਿਸਾਨਾਂ ਦਾ ਸਮੁੱਚਾ ਕਰਜਾ ਸਰਕਾਰ ਵੱਲੋਂ ਖਤਮ ਨਹੀਂ ਕੀਤਾ ਜਾਂਦਾ, ਉਨੀਂ ਦੇਰ ਤੱਕ ਸੰਘਰਸ਼ ਜਾਰੀ ਰਹੇਗਾ।
7 ਕਿਸਾਨ—ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਆਪਣੇ ਵਿਛਡ਼ੇ ਸਾਥੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਅਤੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਦਿਆਂ ਕਿਹਾ ਕਿ ਭਾਵੇਂ ਸਡ਼ਕ ਹਾਦਸੇ ਵਿੱਚ ਕਿਸਾਨ ਸ਼ਹੀਦ ਹੋਏ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਲਈ ਚੰਡੀਗਡ਼੍ਹ ਵਿੱਚ ਰੈਲੀ ਕਰਕੇ ਕਿਸਾਨਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰਨ ਲਈ ਅਤੇ ਵਾਅਦਿਆਂ ਤੋਂ ਭੱਜਣ ਦਾ ਜਥੇਬੰਦੀਆਂ ਉਲਾਂਭਾ ਦੇਣ ਗਈਆਂ ਸਨ, ਜਿਸ ਵਿੱਚ ਸ਼ਹੀਦ ਹੋਏ ਕਿਸਾਨ ਵੀ ਸ਼ਾਮਿਲ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਿਤੇ ਸੰਘਰਸ਼ ਦੌਰਾਨ ਕਿਸੇ ਕਿਸਾਨ ਦੀ ਜਾਨ ਗਈ ਹੈ ਤਾਂ ਜਥੇਬੰਦੀਆਂ ਨੇ ਪੀਡ਼ਤ ਪਰਿਵਾਰਾਂ ਨੂੰ ਮੁਆਵਜੇ ਦਿਵਾਏ ਹਨ, ਉਸੇ ਨੀਤੀ ਤਹਿਤ ਇਹਨਾਂ ਪਰਿਵਾਰਾਂ ਨੂੰ ਸਰਕਾਰ ਮੁਆਵਜੇ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨ—ਮਜਦੂਰ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ਪਏ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿੰਨਾਂ ਚਿਰ ਸਰਕਾਰ ਸ਼ਹੀਦਾਂ ਨਾਲ ਸੰਬੰਧਤ ਮੰਗਾਂ ਨਹੀਂ ਮੰਨਦੀ, ਉਨਾਂ ਚਿਰ ਮੋਰਚਾ ਜਾਰੀ ਰਹੇਗਾ ਅਤੇ ਦੋਵੇਂ ਕਿਸਾਨਾਂ ਦਾ ਸੰਸਕਾਰ ਵੀ ਉਨ੍ਹਾਂ ਚਿਰ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜੇਕਰ ਡੀ.ਸੀ. ਦਫਤਰ ਮਾਨਸਾ ਵਿਖੇ ਲੱਗੇ ਧਰਨੇ ਨੂੰ ਪੰਜਾਬ ਸਰਕਾਰ ਨੇ ਅਣਗੌਲਿਆਂ ਕੀਤਾ ਤਾਂ ਸੰਘਰਸ਼ ਦਾ ਕੋਈ ਸਖਤ ਪੈਂਤਡ਼ਾ ਅਪਣਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਦਿਲਬਾਗ ਸਿੰਘ ਹਰੀਗਡ਼੍ਹ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਜ਼ਿਲ੍ਹਾ ਕਚਹਿਰੀਆਂ ਵਿਚ ਦਿੱਤੇ ਅਣਮਿਥੇ ਸਮੇਂ ਦੇ ਧਰਨੇ ਨੂੰ ਸੰਬੋਧਨ ਕਰਦੇ ਆਗੂ ਰਾਮ ਸਿੰਘ ਭੈਣੀਬਾਘਾ।