ਦੇਸ਼ ਧ੍ਰੋਹ ਤਹਿਤ ਪੰਜ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ
ਕਿਸਾਨਾਂ ਆਗੂਆਂ ਦੀ ਪ੍ਰਸ਼ਾਸਨ ਨਾਲ ਬੈਠਕ ਬੇਨਤੀਜਾ
ਕਿਸਾਨਾਂ ਨੇ ਐਸਪੀ ਦਫਤਰ ਦਾ ਘਿਰਾਓ ਕਰਨ ਦਾ ਕੀਤਾ ਐਲਾਨ
ਸੁਰੱਖਿਆ ਬਲਾਂ ਦੀਆਂ ਦਰਜਨਾਂ ਕੰਪਨੀਆਂ ਬੁਲਾਈਆਂ ਗਈਆਂ, ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਰੱਦ

ਚੰਡੀਗੜ੍ਹ, 17ਜੁਲਾਈ(ਵਿਸ਼ਵ ਵਾਰਤਾ) ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਕਾਰ ‘ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਲਗਾਏ ਗਏ ਪੰਜ ਕਿਸਾਨਾਂ ਖਿਲਾਫ ਦੇਸ਼ ਧ੍ਰੋਹ ਤਹਿਤ ਕੇਸ ਦਰਜ ਕਰਨ ਦੇ ਮਾਮਲੇ ਵਿਚ ਪ੍ਰਸ਼ਾਸਨ ਦੀ ਕਿਸਾਨ ਨੇਤਾਵਾਂ ਨਾਲ ਮੀਟਿੰਗ ਬੇਨਤੀਜਾ ਰਹੀ। ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਕਿਸ ਅਧਾਰ ‘ਤੇ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦੀਆਂ ਧਾਰਾਵਾਂ ਲਗਾਈਆਂ ਸਨ। ਕੀ ਅਸੀਂ ਆਪਣੇ ਦੇਸ਼ ਵਿਰੁੱਧ ਬਗਾਵਤ ਕੀਤੀ ਹੈ? ਇਸ ‘ਤੇ ਪੁਲਿਸ ਅਧਿਕਾਰੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਕਿਸਾਨ ਜਥੇਬੰਦੀਆਂ ਪੰਜਾਂ ਕਿਸਾਨਾਂ ਦੀ ਰਿਹਾਈ ਦੀ ਮੰਗ ‘ਤੇ ਅੜੀਆਂ ਰਹੀਆਂ। ਇਸ ਤੋਂ ਬਾਅਦ ਕਿਸਾਨਾਂ ਨੇ ਐਸਪੀ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।






















