ਦੇਸ਼ ਵਿਆਪੀ ਹੜਤਾਲ ਵਿਚ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਸੀਟੂ ਨੇ ਕੀਤਾ ਜੇਲ੍ਹ ਭਰੋ ਅੰਦੋਲਨ
ਬਠਿੰਡਾ 26 ਨਵੰਬਰ ( ਕੁਲਬੀਰ ਬੀਰਾ ): ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀ ਦੇਸ਼ ਵਿਆਪੀ ਹੜਤਾਲ ਵਿਚ ਹਿੱਸਾ ਲੈਂਦਿਆਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਵਰਕਰਾਂ ਨੇ ਚਿਲਡਰਨ ਪਾਰਕ ਬਠਿੰਡਾ ਤੋਂ ਰੋਸ ਮਾਰਚ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੇਲ੍ਹ ਭਰੋ ਅੰਦੋਲਨ ਕੀਤਾ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਲਾਗੂ ਕਰ ਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਵੀ ਆਏ ਦਿਨ ਨਵੇਂ ਕਾਨੂੰਨ ਲਾ ਕੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨਾਲ ਵਿਤਕਰੇ ਬਾਜ਼ੀ ਕਰ ਰਹੀ ਹੈ ਜਿਸ ਕਰਕੇ ਹਰ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸੀਟੂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਹਰ ਵਿਭਾਗ ਦਾ ਨਿੱਜੀਕਰਨ ਤੇ ਤੁਲੀ ਹੋਈ ਹੈ ਜਿਸ ਕਾਰਨ ਦੇਸ਼ ਦੀ ਜੀਡੀਪੀ ਵੀ ਥੱਲੇ ਡਿੱਗ ਪਈ ਹੈ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਤੇ ਵੱਡਾ ਅਸਰ ਪਵੇਗਾ। ਪ੍ਰੈੱਸ ਸਕੱਤਰ ਪ੍ਰਤਿਭਾ ਸ਼ਰਮਾ ਨੇ ਮੰਗ ਕੀਤੀ ਕਿ ਆਂਗਣਵਾੜੀ ਮੁਲਾਜ਼ਮਾਂ ਦਾ ਬਣਦਾ ਹੱਕ ਦਿੱਤਾ ਜਾਵੇ, ਕੇਂਦਰ ਸਰਕਾਰ ਦਾ ਚਾਲੀ ਪ੍ਰਤੀਸ਼ਤ ਮਾਣ ਭੱਤਾ 600 ਰੁਪਏ ਪ੍ਰਤੀ ਵਰਕਰ ਅਤੇ 500 ਰੁਪਏ ਪ੍ਰਤੀ ਹੈਲਪਰ ਦਿੱਤਾ ਜਾਵੇ, ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ ਵਿਚ ਯਕੀਨੀ ਕੀਤਾ ਜਾਵੇ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਮੱਖਣ ਕੌਰ, ਰਣਜੀਤ ਰਾਮਸਰਾ, ਅਮਨਪ੍ਰੀਤ ਕੌਰ ਭਾਈ ਬਖ਼ਤੌਰ, ਸੁਰਿੰਦਰ ਕੌਰ, ਚਰਨਜੀਤ ਕੌਰ,ਸੁਨੀਤਾ ਰਾਣੀ, ਦਿਆ, ਰਿੰਪਲ, ਕਮਲੇਸ਼ ਰਾਣੀ, ਪਰਮਜੀਤ ਕੌਰ,ਪਰਮਿੰਦਰ ਕੌਰ, ਬਲਜਿੰਦਰ ਕੌਰ, ਕਿਰਨ, ਕਿਰਨਾ ਦੇਵੀ, ਨਿਸ਼ਾ, ਸੰਤੋਸ਼, ਕਰਮਜੀਤ ਕੌਰ ਆਦਿ ਵਰਕਰ ਹਾਜ਼ਰ ਸਨ