ਦੇਸ਼ ਮਨਾ ਰਿਹਾ 72ਵਾਂ ਗਣਤੰਤਰ ਦਿਵਸ-ਇਕ ਹੋਰ ਇਤਿਹਾਸਕ ਰਿਕਾਰਡ ਨਾਲ
ਰਾਜਪੱਥ ਤੇ ਸ਼ੁਰੂ ਹੋਈ ਗਣਤੰਤਰ ਦਿਵਸ ਦੀ ਪਰੇਡ
ਸਿੰਘੂ ਤੇ ਟਿਕਰੀ ਬਾਰਡਰਾਂ ਤੇ ਸ਼ੁਰੂ ਹੋਈ ਅੰਨਦਾਤਾ ਦੀ ਟਰੈਕਟਰ ਪਰੇਡ
ਮਿਥੇ ਸਮੇਂ ਤੋਂ ਪਹਿਲਾਂ ਹੀ ਜੋਸ਼ ਵਿੱਚ ਆਏ ਕਿਸਾਨਾਂ ਨੇ ਬੈਰੀਕੇਟ ਤੋੜ ਕੇ ਇਤਿਹਾਸਕ ਟਰੈਕਟਰ ਪਰੇਡ ਦਾ ਕੀਤਾ ਆਗਾਜ਼
ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੰਦੋਲਨਕਾਰੀ ਬੈਰੀਕੇਟ ਤੋੜ ਕੇ ਦਿੱਲ਼ੀ ਵਿੱਚ ਹੋਏ ਦਾਖਲ
ਦਿੱਲੀ ਨੂੰ ਆਉਣ ਵਾਲੀਆਂ ਸੜਕਾਂ ਤੇ ਆਇਆ ਹੋਇਆ ਹੈ ਟਰੈਕਟਰਾਂ ਦਾ ਹੜ੍ਹ –ਹਰ ਪਾਸੇ ਨਜ਼ਰ ਆ ਰਹੇ ਹਨ ਟਰੈਕਟਰ ਹੀ ਟਰੈਕਟਰ ਅਤੇ ਉਹਨਾਂ ਤੇ ਲਹਿਰਾ ਰਿਹਾ ਹੈ ਤਿਰੰਗਾ ਝੰਡਾ
ਰਾਜਪੱਥ ਤੇ ਦੇਸ਼ ਦੀਆਂ ਉਪਲੱਬਧੀਆਂ ਵਾਲੀਆਂ ਦਿਖਾਈਆਂ ਜਾ ਰਹੀਆਂ ਹਨ ਝਾਕੀਆਂ ਉਥੇ ਟਰੈਕਟਰ ਟਰਾਲੀਆਂ ਤੇ ਦਿਖਾਈਆਂ ਜਾ ਰਹੀਆਂ ਹਨ ਕਿਸਾਨੀ ਸੰਘਰਸ਼ ਨਾਲ ਸੰਬੰਧਤ ਝਾਕੀਆਂ



ਨਵੀਂ ਦਿੱਲੀ, 26ਜਨਵਰੀ( ਨਵਜੋਤ ਕੌਰ ਪਨੂੰਆਂ ,ਵਿਸ਼ਵ ਵਾਰਤਾ)- ਭਾਰਤ ਦਾ 72ਵਾਂ ਗਣਤੰਤਰ ਦਿਵਸ ਇਕ ਹੋਰ ਇਤਿਹਾਸ ਬਣਾਉਣ ਜਾ ਰਿਹਾ ਹੈ।ਜਿਥੇ ਅੱਜ ਪਹਿਲਾਂ ਵਾਂਗ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਇਲਾਵਾ ਦਿੱਲੀ ਦੇ ਰਾਜਪੱਥ ਵਿਖੇ ਹੋ ਰਹੇ ਗਣਤੰਤਰ ਦਿਵਸ ਸਮਾਰੌਹ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਮੰਤਰੀ ਅਤੇ ਦੇਸ਼ ਦੀਆਂ ਹੋਰ ਉੱਘੀਆਂ ਹਸਤੀਆਂ ਦੇ ਨਾਲ-ਨਾਲ 25ਹਜ਼ਾਰ ਦੇ ਕਰੀਬ ਲੋਕ ਹਿੱਸਾ ਲੈ ਰਹੇ ਹਨ ਦੇ ਉਥੇ ਅੱਜ ਹੀ ਦਿੱਲੀ ਦੀ ਆਊਟਰ ਰਿੰਗ ਰੋਡ ਤੇ ਇਕ ਹੋਰ ਇਤਿਹਾਸ ਬਣਾਉਂਦੇ ਹੋਏ ਦੇਸ਼ ਦੇ ਅੰਨਦਾਤਾ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਟਰੈਕਟਰ ਪਰੇਡ ਕਰ ਰਹੇ ਹਨ। ਇਹਨਾਂ ਮੰਗਾਂ ਨੂੰ ਲੈ ਕੇ ਦੇਸ਼ ਦਾ ਕਿਸਾਨ ਪਿਛਲੇ 62ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸ਼ਾਂਤਮਈ ਅੰਦੋਲਨ ਕਰ ਰਿਹਾ ਹੈ।
ਜਿਥੇ ਇਕ ਪਾਸੇ ਰਾਜ ਪੱਥ ਉਤੇ ਆਪਣੇ ਦੇਸ਼ ਦੀਆਂ ਸੁਰੱਖਿਆ ਫੋਰਸਾਂ ਪਰੇਡ ਕਰਕੇ ਲੋਕਾਂ ਦੇ ਦਿਲ ਨੂੰ ਛੂਹ ਰਹੀਆਂ ਹਨ ਉਥੇ ਦੇਸ਼ ਦੀਆਂ ਫੌਜੀ ਅਤੇ ਹੋਰ ਖੇਤਰਾਂ ਵਿੱਚ ਕੀਤੀਆਂ ਉਪਲੱਬਧੀਆਂ ਦਿਖਾਈਆਂ ਜਾ ਰਹੀਆਂ ਹਨ। ਉਥੇ ਅੰਦੋਲਨਕਾਰੀ ਕਿਸਾਨ ਕਿਸਾਨੀ ਸਮੱਸਿਆ ਨੂੰ ਉਜਾਗਰ ਕਰਦੀਆਂ ਝਲਕੀਆਂ ਵੀ ਦਿੱਲੀ ਦੀਆਂ ਸੜਕਾਂ ਤੇ ਲੋਕਾਂ ਨੂੰ ਦਿਖਾ ਰਹੇ ਹਨ।






















