ਮਾਨਸਾ, 23 ਮਈ (ਵਿਸ਼ਵ ਵਾਰਤਾ)-: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਆਜ਼ਾਦੀ ਦੇ ਸੱਤ ਦਹਾਕੇ ਬੀਤਣ ਮਗਰੋਂ ਵੀ ਜੇ ਦੇਸ਼ ਵਿੱਚ ਭੁੱਖਮਰੀ, ਗੁਰਬਤ, ਬਿਮਾਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਹਨ, ਤਾਂ ਇਸ ਲਈ ਰਾਜ ਕਰਨ ਵਾਲੀਆਂ ਜਮਾਤਾਂ ਸਿੱਧੀਆਂ ਜ਼ਿੰਮੇਵਾਰ ਹਨ।
ਇਹ ਵਿਚਾਰ ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਭੈਣੀ ਬਾਘਾ, ਬੁਰਜ ਰਾਠੀ, ਖੜਕ ਸਿੰਘ ਵਾਲਾ, ਰੜ, ਅਕਲੀਆ, ਜੋਗਾ, ਰੱਲਾ, ਅਨੂਪਗੜ੍ਹ, ਮਾਖਾ, ਅਤਲਾ ਕਲਾਂ, ਅਤਲਾ ਖੁਰਦ, ਮਾਨਸਾ ਖੁਰਦ, ਸੈਂਟ ਜੈਵੀਅਰ ਸਕੂਲ, ਚਕੇਰੀਆ, ਦਲੇਲ ਸਿੰਘ ਵਾਲਾ, ਮੂਲਾ ਸਿੰਘ ਵਾਲਾ, ਵਾਰਡ ਨੰ. 5 ਭੀਖੀ ਵਿਖੇ ਲੋਕ ਮਿਲਣੀਆਂ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕੇਂਦਰ ਦੁਆਰਾ ਹੋਰ ਸਹੂਲਤਾਂ ਲਿਆ ਕੇ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ।ਪਿੰਡਾਂ ’ਚ ਆਪਣੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਦੀ ਸੱਤਰ ਫੀਸਦੀ ਵਸੋਂ ਤੋਂ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਹਾਲੇ ਵੀ ਦੂਰ ਹਨ। ਉਨ੍ਹਾਂ ਆਖਿਆ ਕਿ ਮਿਆਰੀ ਸਿੱਖਿਆ ਅਤੇ ਹੱਥਾਂ ਦੀ ਕਾਬਲੀਅਤ ਹੀ ਗਰੀਬੀ ਮਿਟਾ ਸਕਦੀ ਹੈ ਅਤੇ ਇਸੇ ਲਈ ਆਮ ਆਦਮੀ ਪਾਰਟੀ ਵੱਲੋਂ ਸਕੂਲ ਆਫ਼ ਐਮੀਨੈਂਸ ਅਤੇ ਮੁਹੱਲਾ ਕਲੀਨਿਕ ਬਣਾਉਣ ਨੂੰ ਤਰਜੀਹ ਬਣਾਇਆ ਗਿਆ ਹੈ, ਪਰ ਵਿਰੋਧੀਆਂ ਨੂੰ ਲੋਕਾਂ ਦੇ ਭਲੇ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਦੀ ਸੱਤਾ ’ਤੇ ਕਾਬਜ਼ ਰਹੀਆਂ ਧਿਰਾਂ ਇਹ ਕਦੇ ਨਹੀਂ ਚਾਹੁੰਦੀਆਂ ਕਿ ਆਮ ਲੋਕਾਂ ਦੇ ਬੱਚੇ ਪੜ੍ਹਨ-ਲਿਖ਼ਣ ਕਿਉਂ ਕਿ ਉਨ੍ਹਾਂ ਦਾ ਉਦੇਸ਼ ਸਾਫ਼ ਹੈ ਕਿ ਪੜ੍ਹਾਈ ਨਾਲ ਲੋਕ ਗਿਆਨਵਾਨ ਹੋਣਗੇ ਅਤੇ ਜੇ ਲੋਕਾਂ ਨੂੰ ਸੋਝੀ ਆ ਗਈ ਤਾਂ ਉਹ ਆਪਣੇ ’ਤੇ ਹੁੰਦੀ ਵਧੀਕੀ ਲਈ ਰਾਜ ਨੇਤਾਵਾਂ ਨੂੰ ਸੁਆਲ ਕਰਨਗੇ। ਉਨ੍ਹਾਂ ਆਖਿਆ ਕਿ ਸ਼ਾਤਰ ਹਾਕਮਾਂ ਵੱਲੋਂ ਆਮ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਵੋਟ ਬੈਂਕ ਬਣਾਉਣ ਦੀ ਹਮੇਸ਼ਾ ਘਟੀਆ ਸਾਜਿਸ਼ ਰਹੀ ਹੈ।
ਸ੍ਰੀ ਖੁੱਡੀਆਂ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਅਤੇ ਦਿੱਲੀ ਸਰਕਾਰ ਵੱਲੋਂ ਚੁੱਕੇ ਦਲੇਰਾਨਾ ਕ੍ਰਾਂਤੀਕਾਰੀ ਕਦਮਾਂ ਦੀ ਤਫ਼ਸੀਲ ਵਿੱਚ ਵਿਆਖਿਆ ਕਰਦਿਆਂ ਆਖਿਆ ਕਿ ਹੁਣ ਆਮ ਘਰਾਂ ਦੇ ਬੱਚਿਆਂ ਨੂੰ ਦੇਸ਼ ਦੀ ਸਿਆਸਤ ਤੋਂ ਲੈ ਕੇ ਹਰ ਖੇਤਰ ਵਿੱਚ ਭਾਗੀਦਾਰੀ ਕਰਨ ਦੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਚੈਲਿੰਜ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਦਿੱਤੀਆਂ ਗਈਆਂ 45 ਹਜ਼ਾਰ ਨੌਕਰੀਆਂ ਲਈ ਇੱਕ ਨਵੇਂ ਪੈਸੇ ਦੀ ਰਿਸ਼ਵਤ ਜਾਂ ਸਿਫ਼ਾਰਸ਼ ਬਾਰੇ ਕੋਈ ਵੀ ਬੰਦਾ ਸਬੂਤ ਪੇਸ਼ ਕਰੇ ਤਾਂ ਉਹ ਸਿਆਸਤ ਤੋਂ ਪਾਸੇ ਹੋ ਜਾਣਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਕਾਂਗਰਸੀ, ਭਾਜਪਾਈ ਤੇ ਅਕਾਲੀ ਇੱਕੋ ਥੈਲੀ ਦੇ ਚੱਟੇ ਵੱਟੇ ਹਨ, ਜੋ ਵਾਰੀ ਬੰਨ੍ਹ ਕੇ ਰਾਜ ਕਰਦੇ ਹੋਏ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਰਹੇ। ਉਨ੍ਹਾਂ ਕਿਹਾ ਕਿ ਇਹ ਸਾਰੇ ਸਿਰਫ ‘ਆਪ’ ਤੋਂ ਖ਼ੌਫ਼ ਇਸ ਲਈ ਖਾਂਦੇ ਹਨ ਕਿਉਂ ਕਿ ਸਾਡੀ ਪਾਰਟੀ ਕਿਸੇ ਦਾ ਵੀ ਢਕਿਆ ਨਹੀਂ ਰਿੱਝਣ ਦਿੰਦੀ।
ਅਖੀਰ ਵਿਚ ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹ ਦਿਲੀ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਊਣੇ ਅਤੇ ਵਿਹੂਣੇ ਸਮਝੇ ਜਾਂਦੇ ਲੋਕ ਹਰ ਖੇਤਰ ਵਿਚ ਬਰਾਬਰ ਦੇ ਭਾਈਵਾਲ ਬਣ ਸਕਣ।
ਚੋਣ ਰੈਲੀਆਂ ਵਿੱਚ ‘ਆਪ’ ਦੇ ਸਥਾਨਕ ਆਗੂ, ਵਰਕਰ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।