ਮਾਨਸਾ :20 ਸਤੰਬਰ( ਵਿਸ਼ਵ ਵਾਰਤਾ) : ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਗੁਲਿੰਡ ( ਹੁਸ਼ਿਆਰਪੁਰ ) ਦੀਆਂ ਨੰਨੀਆਂ ਮੁੰਨੀਆਂ ਬੱਚੀਆਂ ਨੇ ਧਾਰਮਿਕ ਸ਼ਬਦ ਗਾਇਨ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ | ਸਰਕਾਰੀ ਪ੍ਰਾਇਮਰੀ ਸਕੂਲ ਚੱਕ ਦੂਹੇ ਵਾਲਾ ( ਸ਼੍ਰੀ ਮੁਕਤਸਰ ਸਾਹਿਬ ) , ਸਰਕਾਰੀ ਪ੍ਰਾਇਮਰੀ ਸਕੂਲ ਚੰਦਭਾਨ ( ਫਰੀਦਕੋਟ ) ਦੇ ਬੱਚਿਆਂ ਨੇ ਸੋਲੋ ਡਾਂਸ ਰਾਹੀਂ ਟੀ.ਵੀ. ਅੱਗੇ ਬੈਠੇ ਬੱਚਿਆਂ ਨੂੰ ਕੀਲ ਕੇ ਰੱਖ ਦਿੱਤਾ , ਸਰਕਾਰੀ ਪ੍ਰਾਇਮਰੀ ਸਕੂਲ ਫੁੱਲੜਾ ( ਪਠਾਨਕੋਟ ) ਦੇ ਆਰਟ ਐੱਡ ਕਰਾਫਟ ਦੇ ਮਾਧਿਅਮ ਰਾਹੀਂ ਬੱਚਿਆਂ ਨੇ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ , ਸੇਢਾ ਸਿੰਘ ਵਾਲਾ ( ਫਰੀਦਕੋਟ ) ਦੇ ਬੱਚਿਆਂ ਨੇ ਕਵੀਸ਼ਰੀ ਰਾਹੀ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ । ਸੋਹਾਣਾ ( ਐਸ ਏ ਐਸ ਨਗਰ ) ਦੇ ਬੱਚਿਆਂ ਵੱਲੋਂ ਪੰਜਾਬੀ ਵਿਰਾਸਤ ਦਾ ਲੋਕਗੀਤ, ਸਰਕਾਰੀ ਪ੍ਰਾਇਮਰੀ ਸਕੂਲ ਮਾਈਸਰਖਾਨਾ ( ਬਠਿੰਡਾ ) ਸਕੂਲ ਦੇ ਬੱਚਿਆਂ ਵੱਲ੍ਹੋਂ ਯੋਗਾ , ਠੱਠਾ ( ਤਰਨਤਾਰਨ ) ਦੇ ਬੱਚਿਆ ਵੱਲੋਂ ਚਿਤਰਕਾਰੀ , ਸਸਸਸ ਸਮਿਟਰੀ ਰੋਡ ( ਲੁਧਿਆਣਾ ) ਸਕੂਲ ਵੱਲੋਂ ਚਿੜਿਆਘਰ ਦੀ ਸੈਰ, ਲੇਬਰ ਕਲੋਨੀ ਮੰਡੀ ਗੋਬਿੰਦਗੜ ( ਸ਼੍ਰੀ ਫਤਿਹਗੜ ਸਾਹਿਬ ) ਦੇ ਬੱਚਿਆ ਵੱਲੋ ਕਰਾਟੇ ਪੇਸ਼ ਕੀਤੇ ਗਏ , ਮਾਨੀ ਵਿਹੜਾ ਅਮਲੋਹ ( ਸ਼੍ਰੀ ਫਤਿਹਗੜ ਸਾਹਿਬ ) ਦੇ ਬੱਚਿਆ ਵੱਲੋ ਸਕੇਟਿੰਗ , ਪਨਿਆੜ ( ਗੁਰਦਾਸਪੁਰ ) ਦੇ ਬੱਚਿਆ ਵੱਲੋ ਭੰਗੜਾ ਪੇਸ਼ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਵੀ ਉਤਸ਼ਾਹਤ ਕਰ ਰਹੇ ਹਨ। ਇਸ ਨਾਲ ਜਿਥੇਂ ਬੱਚਿਆਂ ਨੂੰ ਅਪਣੀ ਕਲਾਂ ਨੂੰ ਪ੍ਰਗਟਾਉਣ ਦਾ ਮੋਕਾ ਮਿਲਦਾ ਹੈ,ਉਥੇਂ ਦੂਸਰੇ ਬੱਚੇ ਵੀ ਉਤਸ਼ਾਹਤ ਹੁੰਦੇ ਹਨ।
























