ਦੀਪ ਸਿੱਧੂ ਜ਼ੀਰਕਪੁਰ(ਪੰਜਾਬ) ਤੋਂ ਹੋਇਆ ਗ੍ਰਿਫਤਾਰ ?
ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਕੀਤਾ ਗ੍ਰਿਫਤਾਰ
ਛੇਤੀ ਹੀ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼
ਦਿੱਲੀ ਪੁਲਿਸ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਕਰ ਰਹੀ ਹੈ ਪ੍ਰੈਸ ਕਾਨਫਰੰਸ
26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਫਰਾਰ ਸੀ ਦੀਪ ਸਿੱਧੂ

ਚੰਡੀਗੜ੍ਹ, 9 ਫਰਵਰੀ(ਵਿਸ਼ਵ ਵਾਰਤਾ ਡੈਸਕ) ਇਤਿਹਾਸਕ ਕਿਸਾਨ ਅੰਦੋਲਨ ਦਾ ਚਰਚਿਤ ਚਿਹਰਾ ਦੀਪ ਸਿੱਧੂ ਜੋ ਕਿ ਇਤਿਹਾਸਕ ਟਰੈਕਟਰ ਰੈਲੀ ਦੌਰਾਨ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੂੰ ਲੋੜੀਂਦਾ ਸੀ, ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਅੱਜ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਕੇ ਹੁਣ ਦਿੱਲੀ ਲਿਜਾ ਰਹੀ ਹੈ। ਜਿਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।ਪਰ ਜ਼ੀਰਕਪੁਰ ਦੀ ਪੁਲਿਸ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਰਹੀ ਹੈ। ਕਿਉਂਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਬਾਰੇ ਦਿੱਲੀ ਪੁਲਿਸ ਦੀ ਨਾ ਤਾਂ ਕੋਈ ਰਵਾਨਗੀ ਪਈ ਹੈ ਤੇ ਨਾ ਹੀ ਦਿੱਲ਼ੀ ਪੁਲਿਸ ਵੱਲੋਂ ਜ਼ੀਰਕਪੁਰ ਪੁਲਿਸ ਨਾਲ ਇਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਪੁਲਿਸ 12 ਵਜੇ ਦੀਪ ਸਿੱਧੂ ਦੀ ਗ੍ਰਿਫਤਾਰੀ ਸੰਬੰਧੀ ਪ੍ਰੈਸ ਕਾਨਫਰੰਸ ਕਰ ਰਹੀ ਹੈ। ਕਾਬਲੇ ਗੌਰ ਹੈ ਕਿ ਇਤਿਹਾਸਕ ਟਰੈਕਟਰ ਰੈਲੀ ਦੌਰਾਨ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਅਤੇ ਕਿਸਾਨੀ ਝੰਡਾ ਲਹਿਰਾਉਣ ਦੇ ਦੋਸ਼ ਹੇਠ ਦੀਪ ਸਿੱਧੂ ਅਤੇ ਹੋਰਨਾਂ ਦੇ ਖਿਲਾਫ ਦਿੱਲੀ ਪੁਲਿਸ ਨੇ ਕੇਸ ਦਰਜ ਕਰਕੇ ਦੀਪ ਸਿੱਧੂ ਦੀ ਗ੍ਰਿਫਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।ਦੀਪ ਸਿੱਧੂ ਤੋਂ ਇਲਾਵਾ 7 ਹੋਰਨਾਂ ਦੀ ਗ੍ਰਿਫਤਾਰੀ ਲਈ ਵੀ ਇਨਾਮ ਰੱਖਿਆ ਹੋਇਆ ਹੈ। ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਤਰਨਤਾਰਨ ਦੇ ਜੁਗਰਾਜ ਸਿੰਘ ਨੂੰ ਵੀ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਹੈ। ਪਰ ਉਹ ਵੀ ਅਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ। ਪੰਜਾਬ ਨਾਲ ਹੀ ਸੰਬੰਧਤ ਇਕ ਹੋਰ ਨੌਜਵਾਨ ਆਗੂ ਲੱਖਾ ਸਿਧਾਣਾ ਵੀ 26 ਜਨਵਰੀ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲੇ ਆ ਰਹੇ ਹਨ। ਲੱਖਾ ਸਿਧਾਣਾ ਤੇ ਵੀ ਦੀਪ ਸਿੱਧੂ ਦੇ ਨਾਲ ਹੀ ਕੇਸ ਦਰਜ ਕੀਤੇ ਗਏ ਹਨ।






















