ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨਾ ਆਗੂਆਂ ਤੇ ਕੇਸ ਦਰਜ ਹੋਣੇ ਸ਼ੁਰੂ
ਪ੍ਰਮੁੱਖ ਕਿਸਾਨ ਆਗੂਆਂ ਖਿਲਾਫ ਐਫਆਈਆਰ ਦਰਜ
ਦਿੱਲੀ ਤੇ ਯੂ.ਪੀ ਪੁਲਿਸ ਨੇ ਦਰਜ ਕੀਤੇ ਕੇਸ
ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਲਈ ਦਿੱਲੀ ਪੁਲਿਸ ਕਰੇਗੀ ਪ੍ਰੈਸ ਕਾਨਫਰੰਸ ਅੱਜ ਸ਼ਾਮ

ਨਵੀਂ ਦਿੱਲੀ, 27 ਜਨਵਰੀ(ਵਿਸ਼ਵ ਵਾਰਤਾ)- ਇਤਿਹਾਸਕ ਟਰੈਕਟਰ ਮਾਰਚ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਅਤੇ ਯੂ.ਪੀ ਦੀ ਪੁਲਿਸ ਨੇ ਪ੍ਰਮੁੱਖ ਕਿਸਾਨ ਆਗੂਆਂ ਸਮੇਤ ਹੋਰਨਾਂ ਖਿਲਾਫ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ.ਦਰਸ਼ਨਪਾਲ, ਰਾਕੇਸ਼ ਟਿਕੈਤ, ਬੂਟਾ ਸਿੰਘ ਬੁਰਜਗਿੱਲ, ਜਗਤਾਰ ਸਿੰਘ ਬਾਜਵਾ ,ਜੋਗਿੰਦਰ ਯਾਦਵ ਅਤੇ ਹੋਰਨਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਪਰ ਕਿਸਾਨ ਲੀਡਰਾਂ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਾ ਹੋਣ ਦੀ ਸੂਚਨਾ ਮਿਲੀ ਹੈ। ਇਹ ਵੀ ਪਤਾ ਲੱਗਾ ਹੈ ਕਿ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲਾਂ ਦੀਆਂ 16 ਕੰਪਨੀਆਂ ਦੀ ਤਾਇਨਾਤੀ ਲਈ ਮਨਜ਼ੂਰੀ ਦੇ ਦਿੱਤੀ ਹੈ।ਸਭ ਤੋਂ ਜ਼ਿਆਦਾ ਸਿੰਘੂ ਬਾਰਡਰ ਉਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਦਰਜ ਕੀਤੇ ਗਏ ਕੇਸਾਂ ਤੇ ਕੱਲ੍ਹ ਟਰੈਕਟਰ ਮਾਰਚ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਲਈ 4 ਵਜੇ ਪ੍ਰੈਸ ਕਾਨਫਰੰਸ ਬੁਲਾਈ ਹੈ।






















