ਦਿੱਲੀ ਹਾਈ ਕੋਰਟ ਦੀ ਕੇਂਦਰ ਸਰਕਾਰ ਵਿਰੁੱਧ ਸਖ਼ਤ ਟਿੱਪਣੀ “ਸ਼ਾਇਦ ਕੇਂਦਰ ਚਾਹੁੰਦਾ ਹੈ ਕਿ ਲੋਕ ਮਰਦੇ ਰਹਿਣ”

ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ) ਕੋਵਿਡ -19 ਪ੍ਰਭਾਵਿਤ ਇਕ ਵਕੀਲ ਦੀ ਅਰਜੀ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕੋਵਿਡ ਦੇ ਇਲਾਜ਼ ਸੰਬੰਧੀ ਪ੍ਰੋਟੋਕਾਲ ਵਿੱਚ ਤਬਦੀਲੀ ਉਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸਖ਼ਤ ਟਿੱਪਣੀ ਕੀਤੀ ਕਿ “ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਕੇਂਦਰ ਚਾਹੁੰਦਾ ਹੈ ਕਿ ਲੋਕ ਮਰਦੇ ਰਹਿਣ ਕਿਉਂਕਿ ਕੋਵਿਡ-19 ਦੇ ਇਲਾਜ਼ ਵਿੱਚ ਰੈਮਡੇਸਿਵਿਰ ਦੇ ਇਸਤੇਮਾਲ ਨੂੰ ਲੈ ਕੇ ਕੀਤੀਆਂ ਤਬਦੀਲੀਆਂ ਅਨੁਸਾਰ ਕੇਵਲ ਆਕਸੀਜਨ ਉਤੇ ਨਿਰਭਰ ਮਰੀਜਾਂ ਨੂੰ ਹੀ ਦਵਾਈ ਦਿੱਤੀ ਜਾ ਸਕਦੀ ਹੈ।”ਹਾਈ ਕੋਰਟ ਦੀ ਜੱਜ ਪ੍ਰਤਿਭਾ.ਐਮ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ “ਇਹ ਗਲਤ ਹੈ ਅਜਿਹਾ ਲੱਗਦਾ ਹੈ ਕਿ ਦਿਮਾਗ ਦਾ ਬਿਲਕੁਲ ਇਸਤੇਮਾਲ ਨਹੀਂ ਕੀਤਾ ਗਿਆ ,ਹੁਣ ਜਿਨ੍ਹਾਂ ਦੇ ਕੋਲ ਆਕਸੀਜਨ ਦੀ ਸੁਵਿਧਾ ਨਹੀਂ ਹੈ ਉਹਨਾਂ ਨੂੰ ਰੈਮਡੇਸਿਵਿਰ ਦਵਾਈ ਨਹੀਂ ਮਿਲੇਗੀ।ਅਜਿਹਾ ਲੱਗਦਾ ਹੈ ਕਿ ਤੁਸੀਂ ਚਾਹੁੰਦੇ ਹੋ ਲੋਕ ਮਰਦੇ ਰਹਿਣ”। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਸ਼ਾਇਦ ਇਹ ਸਭ ਕੁਝ ਰੈਮਡੇਸਿਵਿਰ ਦੀ ਕਮੀ ਦੀ ਭਰਪਾਈ ਲਈ ਕੀਤਾ ਗਿਆ ਹੈ। ਇਹ ਸਭ ਕੁਝ ਬੁਰੇ ਪ੍ਰਬੰਧ ਦਾ ਨਤੀਜਾ ਹੈ।
ਹਾਈ ਕੋਰਟ ਨੇ ਨਾਗਰਿਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਆਕਸੀਜਨ ਸਿਲੰਡਰ ਅਤੇ ਕੋਵਿਡ ਦੇ ਇਲਾਜ਼ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਜਮਾਖੋਰੀ ਨਾ ਕਰਨ ਤਾਂ ਕਿ ਜ਼ਰੂਰਤਮੰਦਾਂ ਦਾ ਇਲਾਜ ਸੰਭਵ ਹੋ ਸਕੇ।






















