ਦਿੱਲੀ ਸਰਕਾਰ ਵੱਲੋਂ ਦਿੱਲੀ ਵਾਸੀਆਂ ਨੂੰ ਤੋਹਫ਼ਾ – ਘਰੇ ਬੈਠਿਆਂ ਨੂੰ ਹੀ ਮਿਲੇਗੀ ਸ਼ਰਾਬ

ਨਵੀਂ ਦਿੱਲੀ, 1ਜੂਨ(ਵਿਸ਼ਵ ਵਾਰਤਾ)- ਦਿੱਲੀ ਸਰਕਾਰ ਨੇ ਦਿੱਲੀ ਵਾਸੀਆਂ ਜਿਹਨਾਂ ਵਿੱਚੋਂ ਕੁਝ ਲੋਕ ਸ਼ਰਾਬ ਪੀਣ ਦੇ ਆਦਿ ਹਨ ਨੂੰ ਇਕ ਤੋਹਫਾ ਦਿੱਤਾ ਹੈ। ਹੁਣ ਦਿੱਲੀ ਸਰਕਾਰ ਨੇ ਮੋਬਾਈਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੀ ਸਰਕਾਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਸੀ।

ਸਰਕਾਰਾਂ ਦਾ ਵਿਚਾਰ ਹੈ ਕਿ ਇਸ ਫੈਸਲੇ ਕਾਰਨ ਕੋਰੋਨਾ ਕਾਲ ਵਿੱਚ ਸ਼ਰਾਬ ਦੀਆਂ ਦੁਕਾਨਾਂ ‘ਤੇ ਭੀੜ ਇਕੱਠੀ ਨਹੀਂ ਹੋਵੇਗੀ। ਦਿੱਲੀ ਆਬਕਾਰੀ (ਸੋਧ) ਨਿਯਮ 2021 ਦੇ ਅਨੁਸਾਰ ਐਲ-13 ਲਾਇਸੈਂਸ ਧਾਰਕਾਂ ਨੂੰ ਲੋਕਾਂ ਦੇ ਘਰਾਂ ਵਿੱਚ ਸ਼ਰਾਬ ਪਹੁੰਚਾਉਣ ਦੀ ਆਗਿਆ ਹੋਵੇਗੀ ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਲਾਇਸੈਂਸਧਾਰਕ ਸਿਰਫ਼ ਮੋਬਾਇਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ ਤੇ ਹੀ ਘਰਾਂ ਵਿੱਚ ਸ਼ਰਾਬ ਦੀ ਡਿਲੀਵਰੀ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਕੋਈ ਡਿਲੀਵਰੀ ਨਹੀਂ ਕੀਤੀ ਜਾਵੇਗੀ।



















