ਦਿੱਲੀ ਵਿੱਚ ਸਾਹਮਣੇ ਆਇਆ ਸ਼ਰਧਾ ਕਤਲਕਾਂਡ ਵਰਗਾ ਇੱਕ ਹੋਰ ਮਾਮਲਾ
ਔਰਤ ਨੇ ਬੇਟੇ ਨਾਲ ਮਿਲ ਕੇ ਪਤੀ ਦੇ ਕੀਤੇ ਟੁਕੜੇ, ਫਰਿੱਜ ਵਿੱਚ ਰੱਖੇ
ਚੰਡੀਗੜ੍ਹ 28 ਨਵੰਬਰ(ਵਿਸ਼ਵ ਵਾਰਤਾ)- ਦਿੱਲੀ ਦੇ ਪਾਂਡਵ ਨਗਰ ‘ਚ ਸ਼ਰਧਾ ਕਤਲ ਕਾਂਡ ਵਰਗਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ 22 ਟੁਕੜਿਆਂ ‘ਚ ਕੱਟ ਕੇ ਫਰਿੱਜ ‘ਚ ਰੱਖਿਆ। ਜਿਸ ਤੋਂ ਬਾਅਦ ਮਾਂ-ਪੁੱਤ ਰਾਤ ਨੂੰ ਟੁਕੜੇ ਸੁੱਟਣ ਜਾਂਦੇ ਸਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਕਤਲ ਕਰੀਬ ਛੇ ਮਹੀਨੇ ਪਹਿਲਾਂ ਜੂਨ ਵਿੱਚ ਹੋਇਆ ਸੀ। ਦਿੱਲੀ ਕ੍ਰਾਈਮ ਬ੍ਰਾਂਚ ਨੇ ਮਾਂ-ਪੁੱਤ ਦੀ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ 1 ਜੂਨ, 2022 ਦੀ ਹੈ। ਫੁਟੇਜ ‘ਚ ਕਰੀਬ 12.44 ‘ਤੇ ਔਰਤ ਦਾ ਬੇਟਾ ਹੱਥ ‘ਚ ਬੈਗ ਲੈ ਕੇ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਮਾਂ ਪੂਨਮ ਵੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕਿਹਾ ਕਿ ਇਹ ਉਨ੍ਹਾਂ ਵਿੱਚੋਂ ਇੱਕ ਰਾਤ ਦੀ ਵੀਡੀਓ ਹੈ ਜਿਸ ਵਿੱਚ ਉਹ ਲਾਸ਼ ਦੇ ਟੁਕੜੇ ਸੁੱਟਣ ਲਈ ਬਾਹਰ ਜਾਂਦੇ ਸਨ।
ਹੋਰ ਜਾਣਕਾਰੀ ਅਨੁਸਾਰ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੁਲਿਸ ਨੂੰ 5 ਜੂਨ ਨੂੰ ਦਿੱਲੀ ਦੇ ਪਾਂਡਵ ਨਗਰ ਇਲਾਕੇ ‘ਚ ਗਸ਼ਤ ਦੌਰਾਨ ਲਾਸ਼ ਦੇ ਅੰਗ ਮਿਲੇ ਸਨ। ਉਹ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਪਛਾਣ ਮੁਸ਼ਕਲ ਹੋ ਗਈ ਸੀ। ਇਸੇ ਦੌਰਾਨ ਸ਼ਰਧਾ ਕਤਲ ਕਾਂਡ ਦੀਆਂ ਸੂਚਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਪੁਲੀਸ ਨੇ ਇਸ ਮਾਮਲੇ ਨੂੰ ਇਸ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤਫਤੀਸ਼ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਲਾਸ਼ ਤ੍ਰਿਲੋਕਪੁਰੀ ਦੇ ਰਹਿਣ ਵਾਲੇ ਅੰਜਨ ਦਾਸ ਦੀ ਹੈ, ਕਤਲ ਵੀ ਉੱਥੇ ਹੀ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਪੂਨਮ ਨੇ ਆਪਣੇ ਬੇਟੇ ਦੀਪਕ ਨਾਲ ਮਿਲ ਕੇ ਅੰਜਨ ਦਾ ਕਤਲ ਕੀਤਾ। ਪੂਨਮ ਨੂੰ ਸ਼ੱਕ ਸੀ ਕਿ ਅੰਜਨ ਦੇ ਕਿਸੇ ਦੂਜੀ ਔਰਤ ਨਾਲ ਨਾਜਾਇਜ਼ ਸਬੰਧ ਹਨ।






















