ਦਿੱਲੀ ਬਾਰਡਰਾਂ ਤੇ ਅੱਜ ਕਿਸਾਨ ਮਨਾਉਣਗੇ ਸ਼ਹੀਦੀ ਦਿਵਸ
ਦਿੱਲੀ, 23 ਮਾਰਚ(ਵਿਸ਼ਵ ਵਾਰਤਾ)- ਦਿੱਲੀ ਬਾਰਡਰਾਂ ਤੇ ਅੱਜ ਕਿਸਾਨ ਸੰਗਠਨ ਸ਼ਹੀਦੀ ਦਿਵਸ ਮਨਾਉਣਗੇ। ਜਿਸਦੇ ਲਈ ਸਰਹੱਦਾਂ ਤੇ ਭਾਰੀ ਸੰਖਿਆ ਵਿੱਚ ਨੌਜਵਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਕੁੰਡਲੀ ਬਾਰਡਰ ਤੇ ਸਭ ਤੋਂ ਜ਼ਿਆਦਾ ਨੌਜਵਾਨ ਪੰਜਾਬ ਤੋਂ ਪਹੁੰਚ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਪਾਤੜਾਂ ਤੋਂ ਬੱਸਾਂ ਭਰ ਕੇ ਸਿੰਘੂ ਬਾਰਡਰ ਦੇ ਲਈ ਰਵਾਨਾ ਹੋਈਆਂ। ਉਧਰ, ਸਮਾਣਾ ਦੇ ਪਿੰਡ ਫਤਿਹਪੁਰ ਤੋਂ ਵੀ ਵੱਡੀ ਸੰਖਿਆ ਵਿਚ ਨੌਜਵਾਨ ਦਿੱਲੀ ਬਾਰਡਰ ਲਈ ਰਵਾਨਾ ਹੋਏ ਹਨ। ਸੁਨਾਮ ਉਧਮ ਸਿੰਘ ਵਾਲਾ (ਸੰਗਰੂਰ) ਵਿੱਚ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦਾ ਬਾਇਕ ਜੱਥਾ ਸੋਮਵਾਰ ਨੂੰ ਸ਼ਹੀਦ ਉਧਮ ਸਿੰਘ ਦੇ ਸਮਾਰਕ ਸਥਾਨ ਤੇ ਪਹੁੰਚਿਆ। ਜਿਥੇ ਨੌਜਵਾਨਾਂ ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਪਣੇ ਨਾਲ ਲਿਆਏ ਗਏ ਮਟਕਿਆਂ ਵਿੱਚ ਸਮਾਰਕ ਸਥਾਨ ਦੀ ਮਿੱਟੀ ਭਰੀ। ਨੌਜਵਾਨਾਂ ਨੇ ਦੱਸਿਆ ਕਿ ਇਸ ਪਵਿਤਰ ਮਿੱਟੀ ਨੂੰ ਟੀਕਰੀ ਬਾਰਡਰ ਤੇ ਮੰਗਲਵਾਰ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਭੇਂਟ ਕੀਤਾ ਜਾਵੇਗਾ।























