ਦਿੱਲੀ ਦੇ ਕੰਝਾਵਲਾ ‘ਚ ਹੋਏ ਅੰਜਲੀ ਐਕਸੀਡੈਂਟ ਮਾਮਲੇ ‘ਚ ਨਵਾਂ ਖੁਲਾਸਾ, ਕਾਰ ‘ਚ ਸਵਾਰ ਚਾਰ ਮੁਲਜ਼ਮਾਂ ਨੇ ਪੀਤੀ ਹੋਈ ਸੀ ਸ਼ਰਾਬ
ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਦਿੱਤੇ ਕਤਲ ਦੀ ਧਾਰਾ ਜੋੜਨ ਦੇ ਨਿਰਦੇਸ਼
ਚੰਡੀਗੜ੍ਹ 14 ਜਨਵਰੀ(ਵਿਸ਼ਵ ਵਾਰਤਾ)- ਦਿੱਲੀ ਦੇ ਕਾਂਝਵਾਲਾ ‘ਚ ਨਵੇਂ ਸਾਲ ਦੀ ਰਾਤ ਨੂੰ ਹੋਏ ਅੰਜਲੀ ਐਕਸੀਡੈਂਟ ਮਾਮਲੇ ਦੇ ਮੁਲਜ਼ਮਾਂ ਦੀ ਬਲੱਡ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਘਟਨਾ ਦੇ ਸਮੇਂ ਕਾਰ ‘ਚ ਮੌਜੂਦ ਚਾਰੇ ਦੋਸ਼ੀਆਂ ਨੇ ਸ਼ਰਾਬ ਪੀਤੀ ਹੋਈ ਸੀ। ਰੋਹਿਣੀ ਦੀ ਫੋਰੈਂਸਿਕ ਲੈਬ ਨੇ ਬੀਤੇ ਕੱਲ੍ਹ ਦੁਪਹਿਰ ਨੂੰ ਇਹ ਰਿਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਹੈ।
ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿੱਚ ਧਾਰਾ 302 ਜੋੜਨ ਦਾ ਨਿਰਦੇਸ਼ ਦਿੱਤਾ ਹੈ। ਯਾਨੀ ਦੋਸ਼ੀ ‘ਤੇ ਕਤਲ ਦਾ ਦੋਸ਼ ਲਗਾਇਆ ਜਾਵੇਗਾ। ਇਸ ਦੇ ਨਾਲ ਹੀ 3 ਪੀਸੀਆਰ ਵੈਨਾਂ ਅਤੇ 2 ਪਿਕੇਟਾਂ ਵਿੱਚ ਡਿਊਟੀ ’ਤੇ ਤਾਇਨਾਤ 11 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਜਾਂਚ ਵਿੱਚ ਢਿੱਲ ਵਰਤਣ ਲਈ ਦਿੱਲੀ ਦੇ ਡੀਸੀਪੀ ਹਰਿੰਦਰ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਹਰਿੰਦਰ ਕੁਮਾਰ ਨੇ ਕਿਹਾ ਸੀ ਕਿ ਇਹ ਮਾਮਲਾ ਕਤਲ ਦਾ ਨਹੀਂ ਸਗੋਂ ਹਾਦਸੇ ਦਾ ਹੈ।
ਦਿੱਲੀ ਪੁਲਿਸ ਦੀ ਸੀਨੀਅਰ ਅਧਿਕਾਰੀ ਸ਼ਾਲਿਨੀ ਸਿੰਘ ਨੇ ਮਾਮਲੇ ਦੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਮੰਤਰਾਲੇ ਨੇ ਪੁਲਿਸ ਨੂੰ ਇਹ ਨਿਰਦੇਸ਼ ਦਿੱਤੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕੋਈ ਹਾਦਸਾ ਨਹੀਂ, ਕਤਲ ਹੈ। ਮੁਲਜ਼ਮਾਂ ਨੂੰ ਪਤਾ ਸੀ ਕਿ ਕਾਰ ਦੇ ਹੇਠਾਂ ਕੋਈ ਫਸਿਆ ਹੋਇਆ ਹੈ, ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਾਰ ਨਹੀਂ ਰੋਕੀ।
ਪੁਲਸ ਦੀ ਪੁੱਛਗਿੱਛ ‘ਚ ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਅੰਜਲੀ ਦੇ ਕਾਰ ਹੇਠਾਂ ਫਸੇ ਹੋਣ ਬਾਰੇ ਪਤਾ ਸੀ। ਮੁਲਜ਼ਮਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਨੇ ਇਹ ਵੀ ਮੰਨਿਆ ਹੈ ਕਿ ਕਾਰ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਦੀ ਕਹਾਣੀ ਝੂਠੀ ਸੀ।
ਦੱਸ ਦਈਏ ਕਿ ਅੰਜਲੀ 31 ਦਸੰਬਰ ਦੀ ਰਾਤ ਨੂੰ ਕਰੀਬ 1.30 ਵਜੇ ਕੰਝਾਵਲਾ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਮੁਤਾਬਕ ਅੰਜਲੀ ਸਕੂਟੀ ਤੋਂ ਘਰ ਪਰਤ ਰਹੀ ਸੀ। ਜਿਸ ਦੌਰਾਨ ਕਾਰ ਸਵਾਰ 5 ਨੌਜਵਾਨਾਂ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਸਮੇਤ ਫਰਾਰ ਹੋ ਗਏ। ਅੰਜਲੀ ਕਾਰ ਦੇ ਹੇਠਾਂ ਫੱਸ ਗਈ ਅਤੇ ਇਸ ਦੌਰਾਨ ਕਾਰ ਵੱਲੋਂ ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਇਸ ਤੋਂ ਪਹਿਲਾਂ 4 ਕਿਲੋਮੀਟਰ ਤੱਕ ਘਸੀਟਣ ਦੀ ਗੱਲ ਸਾਹਮਣੇ ਆਇਆ ਸੀ।