ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫਤਾਰ ‘ਆਪ’ ਆਗੂ ਵਿਜੇ ਨਾਇਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ਵਿੱਚ
ਚੰਡੀਗੜ੍ਹ 6 ਅਕਤੂਬਰ(ਵਿਸ਼ਵ ਵਾਰਤਾ)- ਦਿੱਲੀ ਸਰਕਾਰ ਦੀ ਵਿਵਾਦਪੂਰਨ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ (ਆਪ) ਦੇ ( ਕਮਿਊਨੀਕੇਸ਼ਨ)ਸੰਚਾਰ ਇੰਚਾਰਜ ਵਿਜੇ ਨਾਇਰ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦਿੱਲੀ ਐਕਸਾਈਜ਼ ਪਾਲਿਸੀ ‘ਚ ਦੋਸ਼ੀ ਨੰਬਰ 5 ਵਿਜੇ ਨਾਇਰ ਪਿਛਲੇ 8 ਦਿਨਾਂ ਤੋਂ ਸੀਬੀਆਈ ਰਿਮਾਂਡ ‘ਤੇ ਸੀ। ਉਸ ਨੂੰ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕਰਦਿਆਂ ਸੀਬੀਆਈ ਨੇ ਕਿਹਾ ਕਿ ਪੁੱਛਗਿੱਛ ਅਤੇ ਜਾਂਚ ਲਈ ਰਿਮਾਂਡ ਵਧਾਉਣ ਦੀ ਕੋਈ ਲੋੜ ਨਹੀਂ ਹੈ। ਇਸ ਲਈ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ।
ਇਸ ਤੋਂ ਬਾਅਦ ਅਦਾਲਤ ਨੇ ਵਿਜੇ ਨਾਇਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।ਜਿਕਰਯੋਗ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮਾਮਲੇ ਵਿੱਚ ਮੁਲਜ਼ਮ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਵਿਜੇ ਨਾਇਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸਾਂ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਧੜੇਬੰਦੀ ਅਤੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਿਸੋਦੀਆ ਦੇ ਸਹਾਇਕ ਅਰਜੁਨ ਪਾਂਡੇ ਨੇ ਨਾਇਰ ਦੀ ਤਰਫ਼ੋਂ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਤੋਂ ਕਰੀਬ 2-4 ਕਰੋੜ ਰੁਪਏ ਨਕਦ ਲਏ ਸਨ।