ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਇਤਿਹਾਸਕ ਕਿਸਾਨ ਅੰਦੋਲਨ 56ਵੇਂ ਦਿਨ ਵਿੱਚ ਦਾਖਲ
ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ
ਦਸਵੇਂ ਗੇੜ ਦੀ ਮੀਟਿੰਗ ਦਾ ਦੂਸਰਾ ਦੌਰ ਹੋਇਆ ਸ਼ੁਰੂ
ਮੰਗਾਂ ਵੀ ਉਹੀ, ਥਾਂ ਵੀ ਉਹੀ, ਮੀਟਿੰਗ ਕਰਨ ਵਾਲੇ ਵੀ ਉਹੀ
ਦੋਨਾਂ ਧਿਰਾਂ ਦਾ ਅੜੀਅਲ ਰਵੱਈਆ ਜਾਰੀ
ਪਹਿਲੇ ਗੇੜ ਦੀ ਡੇਢ ਘੰਟਾ ਚੱਲੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਬਾਰੇ ਨਹੀਂ ਹੋਈ ਚਰਚਾ
ਐਨ.ਆਈ.ਏ ਵੱਲੋਂ ਭੇਜੇ ਨੋਟਿਸਾਂ ਅਤੇ ਸ਼ਿਮਲਾ ਵਿੱਚ ਫੜੇ ਤਿੰਨ ਨੌਜਵਾਨ ਕਿਸਾਨਾਂ ਬਾਰੇ ਹੋਈ ਚਰਚਾ
ਖੇਤੀਬਾੜੀ ਮੰਤਰੀ ਨੇ ਕਿਸੇ ਨਿਰਦੋਸ਼ ਖਿਲਾਫ ਕਾਰਵਾਈ ਨਾ ਹੋਣ ਦਾ ਦਿੱਤਾ ਭਰੋਸਾ
ਇਸ ਮੀਟਿੰਗ ਵਿੱਚ ਵੀ ਕੋਈ ਹੱਲ ਨਿਕਲਣ ਦੇ ਬਹੁਤ ਘੱਟ ਨੇ ਆਸਾਰ
ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਤੇ ਅੜੀ, ਜਦ ਕਿ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕਿਸੇ ਵੀ ਸਮਝੋਤੇ ਲਈ ਨਹੀਂ ਤਿਆਰ
ਦੋਨੋਂ ਧਿਰਾਂ ਮੀਟਿੰਗ ਤੇ ਮੀਟਿੰਗ ਤੇ ਮੀਟਿੰਗ ਕਰਨ ਨੂੰ ਰਹਿੰਦੇ ਨੇ ਤਿਆਰ
ਨਵੀਂ ਦਿੱਲੀ, 20ਜਨਵਰੀ(ਵਿਸ਼ਵ ਵਾਰਤਾ)- ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਇਤਿਹਾਸਕ ਕਿਸਾਨ ਅੰਦੋਲਨ 56 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹੱਡ ਚੀਰਵੀਂ ਠੰਢ ਦੇ ਬਾਵਜੂਦ ਹਜ਼ਾਰਾਂ ਕਿਸਾਨ ਜਿਹਨਾਂ ਵਿੱਚ ਬਜ਼ੁਰਗ, ਨੌਜਵਾਨ, ਔਰਤਾਂ ਤੇ ਬੱਚੇ ਸ਼ਾਮਲ ਹਨ ,ਪੂਰੇ ਜੋਸ਼-ਖਰੋਸ਼ ਨਾਲ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਮੰਗ ਨੂੰ ਲੈ ਕੇ ਟਰਾਲੀਆਂ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ। ਪਰ ਕੇਂਦਰ ਸਰਕਾਰ ਅਜੇ ਵੀ ਟੱਸ ਤੋਂ ਮੱਸ ਨਹੀਂ ਹੋਈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅੱਜ ਵੀ ਬੜੇ ਦਾਅਵੇ ਨਾਲ ਇਹ ਕਹਿ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਕਿਉਂਕਿ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਹਨ।
ਅੱਜ ਕੇਂਦਰ ਸਰਕਾਰ ਅਤੇ 40 ਕਿਸਾਨ ਜੱਥੇਬੰਦੀਆਂ ਵਿਚਕਾਰ 10ਵੇਂ ਗੇੜ ਦੀ ਗੱਲਬਾਤ ਚੱਲ ਰਹੀ ਹੈ। ਪਹਿਲੇ ਦੌਰ ਦੀ ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਤੋਂ ਬਾਅਦ ਦੂਸਰੇ ਦੌਰ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ।ਪਹਿਲੇ ਦੌਰ ਦੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਕੋਈ ਵੀ ਚਰਚਾ ਨਾ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਪਹਿਲੇ ਦੌਰ ਦੀ ਮੀਟਿੰਗ ਵਿੱਚ ਐਨ.ਆਈ.ਏ ਵੱਲੋਂ ਕਿਸਾਨਾਂ ਆਗੂਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਭੇਜੇ ਗਏ ਨੋਟਿਸਾਂ ਦਾ ਮਾਮਲਾ ਉੱਠਿਆ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਖੇ ਕਿਸਾਨ ਅੰਦੋਲਨ ਦੇ ਹਿਮਾਇਤੀ ਪੰਜਾਬ ਦੇ ਤਿੰਨ ਨੌਜਵਾਨ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦਾ ਵੀ ਮੁੱਦਾ ਉਠਾਇਆ ਗਿਆ। ਜਿਹਨਾਂ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸੇ ਵੀ ਬੇਕਸੂਰ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ। ਹੁਣ ਦੂਸਰੇ ਦੌਰ ਦੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਪਰ ਇਸ ਚਰਚਾ ਵਿੱਚੋਂ ਕੁਝ ਵੀ ਨਤੀਜਾ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਕਿਉਂਕਿ ਜਿਥੇ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਕਰਵਾਉਣ ਦੀ ਮੰਗ ਤੇ ਅੜੇ ਹੋਏ ਹਨ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਵਾਪਸ ਨਾ ਲੈਣ ਦੇ ਹੱਕ ਵਿੱਚ ਅੜੀ ਹੋਈ ਹੈ। ਅੱਜ ਦੀ ਮੀਟਿੰਗ ਦੇ ਵੀ ਬੇਨਤੀਜਾ ਹੀ ਹੋਣ ਦੇ ਆਸਾਰ ਹਨ।
ਮੀਟਿੰਗ ਵਿੱਚ ਜਿੱਥੇ ਕੇਂਦਰ ਸਰਕਾਰ ਵੱਲੋਂ ਉਹੀ ਤਿੰਨ ਮੰਤਰੀ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਦੂਸਰੇ ਪਾਸੇ ਦੇਸ਼ ਭਰ ਦੀਆਂ 40 ਕਿਸਾਨ ਜੱਥੇਬੰਦੀਆਂ ਦੇ ਆਗੂ ਹਿੱਸਾ ਲੈ ਰਹੇ ਹਨ।