ਦਿਲ ਦਹਿਲਾਉਣ ਵਾਲੀ ਖਬਰ
ਵਿਅਕਤੀ ਨੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ
ਚੰਡੀਗੜ੍ਹ,26 ਅਗਸਤ(ਵਿਸ਼ਵ ਵਾਰਤਾ)-ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਲਾਣਾ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਹੜਕੰਪ ਮੱਚ ਗਿਆ। ਦੱਸਿਆ ਜਾਂਦਾ ਹੈ ਕਿ ਵਿਅਕਤੀ ਨੇ ਪਹਿਲਾਂ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਅਤੇ ਬਾਅਦ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ 65 ਸਾਲਾ ਸੰਗਤ ਸਿੰਘ, ਉਸ ਦੀ ਪਤਨੀ ਮਹਿੰਦਰ ਕੌਰ (62), ਪੁੱਤਰ ਸੁਖਵਿੰਦਰ ਸਿੰਘ (32), ਸੁਖਵਿੰਦਰ ਦੀ ਪਤਨੀ ਪ੍ਰਮਿਲਾ (28) ਅਤੇ ਦੋ ਪੋਤੀਆਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਯਮੁਨਾਨਗਰ ਵਿੱਚ ਇੱਕ ਦੋ ਪਹੀਆ ਵਾਹਨ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਦੇ ਮੁਰਦਾਘਰ ਵਿੱਚ ਰਖਵਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਮਾਹਿਰ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਅਤੇ ਇਸ ਵਿੱਚ ਲੱਖਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਹੈ। ਇਸ ਦੇ ਨਾਲ ਹੀ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਗੁਆਂਢੀ ਗੁਲਾਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਪਿਤਾ ਪਿੰਡ ਦਾ ਨੰਬਰਦਾਰ ਸੀ। ਸੁਖਵਿੰਦਰ ਦੀਆਂ ਦੋ ਭੈਣਾਂ ਨੀਤੂ ਅਤੇ ਨੀਲਮ ਹਨ। ਜੋ ਕਿ ਵਿਆਹੀਆਂ ਹੋਈਆਂ ਹਨ।