ਦਿਨਦਿਹਾੜੇ ਨੌਜਵਾਨ ਨੂੰ ਅਗਵਾ ਕਰ ਕੇ ਲੁੱਟੇ ਢਾਈ ਲੱਖ ਰੁਪਏ, ਪੁਲਿਸ ਪਹੁੰਚੀ ਮੌਕੇ ‘ਤੇ

ਜਲੰਧਰ,30 ਅਪ੍ਰੈਲ ( ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ ) -ਸ਼ਹਿਰ ਦੇ ਪ੍ਰਤਾਪ ਬਾਗ ਇਲਾਕੇ ‘ਚ ਦਿਨਦਿਹਾੜੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਤੋਂ ਢਾਈ ਲੱਖ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਭਾਜੜਾਂ ਪੈ ਗਈਆਂ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਮੁਲਜ਼ਮ ਨੌਜਵਾਨਾਂ ਦਾ ਸੁਰਾਗ ਲੱਭਣ ਲਈ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਿਕ ਮੰਡੀ ਰੋਡ ਤੇ ਦਾਲਾਂ ਦੇ ਵਪਾਰੀ ਅਸ਼ੋਕ ਕੁਮਾਰ ਕੋਲ ਕੰਮ ਕਰਨ ਵਾਲਾ ਢਾਈ ਲੱਖ ਰੁਪਏ ਬੈਂਕ ‘ਚ ਜਮ੍ਹਾਂ ਕਰਵਾਉਣ ਗਿਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਰਸਤੇ ‘ਚ ਕੁਝ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਸਿਰ ‘ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ ਤੇ ਪੈਸੇ ਲੈ ਕੇ ਫਰਾਰ ਹੋ ਗਏ। ਉਸ ਨੇ ਕਿਹਾ ਸੀ ਕਿ ਉਸ ਨੂੰ ਪਹਿਲਾਂ ਇਕ ਕਮਰੇ ‘ਚ ਲੈ ਜਾਇਆ ਗਿਆ ਤੇ ਉਸ ਤੋਂ ਬਾਅਦ ਨਕਦੀ ਖੋਹ ਕੇ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















