ਦਲਿਤਾਂ ਅਤੇ ਓ.ਬੀ.ਸੀ ਦੀਆਂ ਮੰਗਾਂ ਬਾਰੇ ਛੇਤੀ ਹੀ ਕਰਾਂਗੇ ਮੁੱਖ ਮੰਤਰੀ ਨਾਲ ਮੀਟਿੰਗ- ਰਾਜਕੁਮਾਰ ਵੇਰਕਾ
ਦਲਿਤ ਅਤੇ ਓਬੀਸੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਵਿੱਚ ਹੋਇਆ ਫੈਸਲਾ

ਚੰਡੀਗੜ੍ਹ, 11 ਮਈ(ਨਵਜੋਤ ਕੌਰ ਪਨੂੰਆਂ)- ਅੱਜ ਇਥੇ ਦਲਿਤ ਅਤੇ ਓ.ਬੀ.ਸੀ ਦੇ ਮੰਤਰੀਆਂ ਅਤੇ ਵਿਧਾਇਕਾ ਦੀ ਮੀਟਿੰਗ ਹੋਈ । ਜਿਸ ਵਿੱਚ ਇਹਨਾਂ ਭਾਈਚਾਰਿਆਂ ਦੀਆਂ ਪੈਂਡਿੰਗ ਪਈਆਂ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ –ਚਰਚਾ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਮੀਟਿੰਗ ਵਿੱਚ ਸ਼ਾਮਿਲ ਹੋਏ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਭਾਈਚਾਰਿਆਂ ਦੀਆਂ ਮੰਗਾਂ ਬਾਰੇ ਛੇਤੀ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਇਹਨਾਂ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਇਹ ਮੀਟਿੰਗ ਕਿਸੇ ਦੇ ਵਿਰੋਧ ਵਿੱਚ ਨਹੀਂ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਦੇ 12 ਦੇ ਕਰੀਬ ਵਿਧਾਇਕ ਅਤੇ 2 ਮੰਤਰੀ ਸ਼ਾਮਿਲ ਹੋਏ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਇਸ ਮੀਟਿੰਗ ਵਿੱਚ ਚੰਨੀ ਤੋਂ ਇਲਾਵਾ ਸ਼੍ਰੀ ਮਤੀ ਅਰੁਣਾ ਚੌਧਰੀ ਮੰਤਰੀ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਬਲਵਿੰਦਰ ਸਿੰਘ ਧਾਰੀਵਾਲ, ਜੋਗਿੰਦਰ ਪਾਲ ਆਦਿ ਵੀ ਸ਼ਾਮਿਲ ਹੋਏ।






















