ਗਲੇਸ਼ੀਅਰ ਖਿਸਕਣ ਕਾਰਨ ਜਾਨ ਗੁਆਉਣ ਵਾਲੇ ਦੋਨੋਂ ਫੋਜੀ ਪੰਜਾਬ ਦੇ, ਇਕ ਮਾਨਸਾ ਤੇ ਇਕ ਬਰਨਾਲਾ ਨਾਲ ਸੰਬੰਧਤ

ਮਾਨਸਾ 26 ਅਪ੍ਰੈਲ(ਵਿਸ਼ਵ ਵਾਰਤਾ) : ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲਦਾਖ ਦੇ ਸੀਆਂ ਚਿੰਨ੍ਹ ਖੇਤਰ ਪਰਤਾ ਪੁਰਤ ਥਰਡ ਗਲੇਸ਼ੀਅਰ ਤੇ ਬਰਫ ਦੇ ਤੋਂਦਿਆ ਦੇ ਡਿੱਗਣ ਕਾਰਨ 21 ਪੰਜਾਬ ਰੈਜੀਮੈਂਟ ਵੈਬਰੂ ਦੇ ਛੇ ਜਵਾਨ ਤੋਂਦਿਆ ਥੱਲੇ ਦਬ ਗਏ, ਜ਼ਿਨ੍ਹਾਂ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਹੋਏ ਦੋਨੋਂ ਜਵਾਨਾਂ ਚੋਂ ਇੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮ ਵਾਲਾ ਦਾ ਪ੍ਰਭਜੀਤ ਸਿੰਘ (23) ਪੁੱਤਰ ਜਗਪਾਲ ਸਿੰਘ ਅਤੇ ਦੂਸਰਾ ਅਤੇ ਉਸਦਾ ਸਾਥੀ ਅਮਰਦੀਪ ਸਿੰਘ(23) ਜੋ ਪਿੰਡ ਕਰਮਗੜ ਬਰਨਾਲਾ(ਸੰਗਰੂਰ ) ਦਾ ਦੱਸਿਆ ਜਾ ਰਿਹਾ ਹੈ । ਮੌਤ ਦੀ ਇਹ ਖ਼ਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ।
ਵੇਰਵਿਆਂ ਅਨੁਸਾਰ ਤਕਰੀਬਨ ਤਿੰਨ ਸਾਲ ਪਹਿਲਾਂ ਪਿੰਡ ਹਾਕਮ ਵਾਲਾ ਦੇ ਸਕੂਲ ਵਿੱਚੋਂ ਪੜ੍ਹਾਈ ਮੁਕੰਮਲ ਕਰਨ ਉਪਰੰਤ ਪ੍ਰਭਜੀਤ 21 ਪੰਜਾਬ ਬਟਾਲੀਅਨ ਵਿਚ ਸੈਨਿਕ ਵਜੋਂ ਭਰਤੀ ਹੋਇਆ ਸੀ ਤੇ ਇਸ ਵੇਲੇ ਲੇਹ ਲੱਦਾਖ ਦੇ ਉਚਾਈ ਵਾਲੇ ਖੇਤਰ ਸੀਆਂ ਚਿੰਨ੍ਹ ਵਿਚ ਤਾਇਨਾਤ ਸੀ। ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧਤ ਉਸਦਾ ਪਿਤਾ ਜਗਪਾਲ ਸਿੰਘ ਕੋਲ ਕੇਵਲ ਡੇਢ ਏਕੜ ਜ਼ਮੀਨ ਹੈ ਤੇ ਉਸ ਦੋ ਪੁੱਤਰ ਪ੍ਰਿਤਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਸਨ, ਜਿਨ੍ਹਾਂ ਵਿੱਚ ਇਹ ਸਭ ਤੋ ਛੋਟਾ ਸੀ। ਉਸਦੀ ਮ੍ਰਿਤਕ ਦੇਹ ਕੱਲ੍ਹ ਦੇਰ ਸ਼ਾਮ ਤੱਕ ਉਸਦੇ ਜੱਦੀ ਪਿੰਡ ਹਾਕਮਵਾਲਾ ਵਿਖੇ ਪਹੁੰਚਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਉਸਦਾ ਸਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਪਿੰਡ ਦੇ ਆਗੂ ਪਲਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੂੰ ਸ਼ਹੀਦ ਦੀ ਸਹਾਦਤ ਬਾਰੇ ਅਜੇ ਦੱਸਿਆ ਨਹੀਂ ਗਿਆ ,ਕਿਉਕਿ ਉਸਦੀ ਮਾਤਾ ਮੇਲੋ ਕੋਰ ਬਿਮਾਰ ਚਲ ਰਹੀ ਹੈ।






















