ਤੇਲ-ਗੈਸ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਨੂੰ ਵਾਪਿਸ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪਾਰਟੀ ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਵਧੀਆਂ ਕੀਮਤਾਂ ਫੌਰੀ ਵਾਪਿਸ ਲੈਣ ਦੀ ਮੰਗ ਕੀਤੀ

ਅੰਮ੍ਰਿਤਸਰ, 24 ਫਰਵਰੀ, 2021 (ਵਿਸ਼ਵ ਵਾਰਤਾ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਲੋੜੇ ਵਾਧੇ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਦੇ ਇਕ ਵਫ਼ਦ ਨੇ ਬੁੱਧਵਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਕੀਮਤਾਂ ਵਾਪਿਸ ਲੈਣ ਲਈ ਮੰਗ ਪੱਤਰ ਸੌਂਪਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਾਰਟੀ ਆਗੂ ਸ: ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ। ਜਿਸ ਦੇ ਨਾਲ ਪੰਜਾਬ ਸਣੇ ਦੇਸ਼ ਦੇ ਲੋਕਾਂ ਦੀ ਆਰਥਿਕਤਾ `ਤੇ ਬਹੁਤ ਵੱਡਾ ਬੋਝ ਪਿਆ ਹੈ। ਜਿਸਦੇ ਵਿਰੋਧ ਵਿੱਚ ਅੱਜ ਪਾਰਟੀ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੈਟਰੋਲ, ਡੀਜ਼ਲ ਤੇ ਰੋਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਲੋੜੇ ਵਾਧੇ ਨੂੰ ਵਾਪਿਸ ਲੈਣ ਲਈ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾ ਦੱਸਿਆ ਕਿ ਭਾਰਤ ਸਰਕਾਰ ਦੇ ਟੈਕਸ ਅਤੇ ਪੰਜਾਬ ਸਰਕਾਰ ਦੇ ਵੈਟ ਲਾਉਣ ਨਾਲ ਇਹ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਘਰੇਲੂ ਗੈਸ ਦੀਆਂ ਕੀਮਤਾਂ ਵਧਣ ਨਾਲ ਜਿੱਥੇ ਗਰੀਬ ਅਤੇ ਦਰਮਿਆਨੇ ਦਰਜੇ ਦੇ ਪਰਿਵਾਰਾਂ ਦਾ ਆਰਥਿਕ ਢਾਂਚਾ ਡਾਵਾਂਡੋਲ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਇਨ੍ਹਾ ਕੀਮਤਾਂ ਦੇ ਵਾਧੇ ਨੂੰ ਫੌਰੀ ਵਾਪਿਸ ਲੈਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀ ਹੁੰਦਾ ਤਾਂ ਪਾਰਟੀ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਸ ਬੋਲੋੜੇ ਵਾਧੇ ਦੇ ਖਿਲਾਫ਼ ਸੰਘਰਸ਼ ਕਰੇਗੀ। ਡੀ.ਸੀ ਨੂੰ ਮੰਗ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਸ: ਮਨਜੀਤ ਸਿੰਘ ਭੋਮਾ ਤੋਂ ਇਲਾਵਾ ਭਾਈ ਮੋਹਕਮ ਸਿੰਘ, ਸ: ਜਸਬੀਰ ਸਿੰਘ ਘੁੰਮਣ , ਪਰਦੀਪ ਸਿੰਘ ਵਾਲੀਆਂ ,ਜੱਸਾ ਸਿੰਘ ਮੰਡਿਆਲਾ, ਪ੍ਰਿਸੀਪਲ ਸਰਦੀਪ ਸਿੰਘ, ਸ: ਕੁਲਦੀਪ ਸਿੰਘ ਮਜੀਠਾ, ਸ: ਸੁਖਜਿੰਦਰ ਸਿੰਘ ਮਜੀਠਾ, ਸ: ਰਾਜਵਿੰਦਰ ਸਿੰਘ ਰਾਜੂ, ਸ: ਜਗਦੀਸ਼ ਸਿੰਘ ਵਡਾਲਾ ਆਦਿ ਸ਼ਾਮਿਲ ਸਨ।






















