ਤੀਸਰੀ ਵਾਰ ਸਪੇਸ ਸਟੇਸ਼ਨ ਪਹੁੰਚਕੇ ਸੁਨੀਤਾ ਵਿਲੀਅਮਸ ਨੇ ਕੀਤਾ ਖੁਸ਼ੀ ਨਾਲ ਡਾਂਸ
ਨਵੀਂ ਦਿੱਲੀ ,7ਜੂਨ(ਵਿਸ਼ਵ ਵਾਰਤਾ): ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਨੇ ਕਰੂਮੇਟ ਬੁੱਚ ਬਿਲਮੋਰ ਸੁਰੱਖਿਅਤ ਰੂਪ ਵਿਚ ਕੌਮਾਂਤਰੀ ਸਪੇਸ ਸਟੇਸ਼ਨ ‘ਚ ਪਹੁੰਚ ਚੁੱਕੇ ਹਨ। 59 ਸਾਲਾਂ ਦੀ ਸੁਨੀਤਾ ਨੇ ਨਵੇਂ ਪੁਲਾੜ ਵਾਹਨ ਨੂੰ ਸਪੇਸ ਸਟੇਸ਼ਨ ਤੱਕ ਲਿਜਾ ਕੇ ਕੀਰਤੀਮਾਨ ਸਥਾਪਿਤ ਕੀਤਾ ਹੈ। ਸੁਨੀਤਾ ਨੇ ਤੀਸਰੀ ਵਾਰ ਸਪੇਸ ਦੀ ਯਾਤਰਾ ਕੀਤੀ ਹੈ। ਕੌਮਾਂਤਰੀ ਸਟੇਸ਼ਨ ‘ਤੇ ਆਪਣੀ ਵਾਪਸੀ ਤੋਂ ਬਾਅਦ ਸੁਨੀਤਾ ਨੇ ਡਾਂਸ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਟੇਸ਼ਨ ‘ਤੇ ਮੌਜੂਦ ਸਾਥੀਆਂ ਨੂੰ ਗਲੇ ਨਾਲ ਲਗਾਇਆ ਹੈ। ਸਟੇਸ਼ਨ ‘ਤੇ ਸੁਨੀਤਾ ਅਤੇ ਬਿਲਮੋਰ ਦਾ ਸਵਾਗਤ ਘੰਟੀ ਬਜਾਕੇ ਕੀਤਾ ਗਿਆ। ਇਸ ਡਾਂਸ ਬਾਰੇ ਗੱਲ ਕਰਦਿਆਂ ਸੁਨੀਤਾ ਨੇ ਕਿਹਾ ਹੈ ਕਿ ਇਹ ਚੀਜ਼ਾਂ ਨੂੰ ਅੱਗੇ ਵਧਾਉਣ ਦਾ ਇਕ ਤਰੀਕਾ ਹੈ ਅਤੇ ਇਸ ਤਰਾਂ ਉਹ ਇਕ ਦੂਜੇ ਦਾ ਧੰਨਵਾਦ ਕਰਦੇ ਹਨ। ਇਸ ਸ਼ਾਨਦਾਰ ਸਵਾਗਤ ਲਈ ਉਸਨੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਹੈ। ਫਲੋਰਿਡਾ ਤੋਂ ਲਾਂਚ ਹੋਣ ਤੋਂ 26 ਘੰਟਿਆਂ ਬਾਅਦ ਉਨ੍ਹਾਂ ਕੌਮਾਂਤਰੀ ਸਟੇਸ਼ਨ ‘ਤੇ ਡਾਕ ਕੀਤਾ ਹੈ।