ਤਾਈਵਾਨ ਪਿੱਛੋਂ ਹੁਣ ਚੀਨ ਦੇ ਇਸ ਸੂਬੇ ਵਿੱਚ ਆਇਆ ਭੂਚਾਲ
ਚੰਡੀਗੜ੍ਹ, 4ਅਪ੍ਰੈਲ(ਵਿਸ਼ਵ ਵਾਰਤਾ)-ਤਾਈਵਾਨ ਪਿੱਛੋਂ ਹੁਣ ਚੀਨ ਦੇ ਕਿੰਘਾਈ ਸੂਬੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.5 ਸੀ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐਨ.ਸੀ.) ਦੇ ਅਨੁਸਾਰ, ਵੀਰਵਾਰ ਸਵੇਰੇ 8:39 ਵਜੇ (6:09 ਵਜੇ ਭਾਰਤੀ ਸਮੇਂ ਅਨੁਸਾਰ) ਉੱਤਰ ਪੱਛਮੀ ਚੀਨ ਦੇ ਕਿੰਆਈ ਸੂਬੇ ਦੇ ਮਾਂਗਯਾ ਸ਼ਹਿਰ ਵਿੱਚ 5.5 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ (ਬੁੱਧਵਾਰ) 3 ਅਪ੍ਰੈਲ ਨੂੰ ਤਾਈਵਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਅਤੇ ਫਿਲੀਪੀਨਜ਼ ਤੱਕ ਮਹਿਸੂਸ ਕੀਤੇ ਗਏ। ਤਾਈਵਾਨ ਦੇ ਫਾਇਰ ਵਿਭਾਗ ਮੁਤਾਬਕ 9 ਲੋਕਾਂ ਦੀ ਮੌਤ ਹੋ ਗਈ ਹੈ। 930 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੌਸਮ ਵਿਭਾਗ ਮੁਤਾਬਕ ਭੂਚਾਲ ਪੂਰਬੀ ਤਾਈਵਾਨ ਦੇ ਹੁਆਲੀਨ ਸ਼ਹਿਰ ‘ਚ ਆਇਆ। ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ, ਲੈਂਡ ਸਲਾਈਡ ਵੀ ਹੋਏ।