ਬਰਨਾਲਾ/ਤਪਾ, 25 ਮਈ (ਸੁਰਿੰਦਰ ਗੋਇਲ)–ਡੇਰਾ ਠਾਕੁਰ ਰੋਮਾਣਾ ਮਹੰਤ ਜਗੀਰ ਦਾਸ ਦੇ ਸੰਚਾਲਕ ਕਮਾਨ ਤੋਂ ਹੁਕਮ ਦਾਸ ਬਬਲੀ ਦੀ ਅਚਾਨਕ ਐਤਵਾਰ ਰਾਤ ਨੂੰ ਹੋਈ ਮੌਤ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਡੇਰੇ ਦੇ ਸੰਚਾਲਕ ਮੌਜੂਦਾ ਮਹੰਤ ਹੁਕਮ ਦਾਸ ਬਬਲੀ ਦੀ ਮੌਤ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ ਦੋ ਭਰਾਵਾਂ ‘ਤੇ ਕਤਲ ਕਰਨ ਦਾ ਦੋਸ਼ ਲਾਇਆ ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ।
ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ‘ਚ ਉਸ ਸਮੇਂ ਸਨਸਨੀ ਤੇ ਸੋਗ ਦੀ ਲਹਿਰ ਫੈਲ ਗਈ ਜਦੋਂ ਸਵੇਰ ਹੁੰਦਿਆਂ ਸਾਰ ਹੀ ਡੇਰਾ ਬਾਬਾ ਜਗੀਰ ਦਾਸ ਦੇ ਸੰਚਾਲਕ ਹੁਕਮ ਦਾਸ ਬਬਲੀ ਮਹੰਤ ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖ਼ਬਰ ਫੈਲ ਗਈ। ਮ੍ਰਿਤਕ ਮਹੰਤ ਦੇ ਪਰਿਵਾਰਕ ਮੈਂਬਰਾਂ ਪੁੱਤਰ ਸੋਮ ਦਾਸ ਬਾਵਾ, ਪਤਨੀ ਰਾਜਵਿੰਦਰ ਕੌਰ ਤੇ ਬੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸੂਬਾ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ ਪਰਿਵਾਰ ‘ਤੇ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਬੀਤੇ ਸੱਤ ਸਾਲਾਂ ਤੋਂ ਡੇਰਾ ਸੰਚਾਲਕ ਨੂੰ ਮਹਿਲਾ ਅਕਾਲੀ ਆਗੂ ਪਰੇਸ਼ਾਨ ਕਰਦੀ ਸੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਤੇ ਸਮਾਜਿਕ ਬਹੁਤ ਹੀ ਨੁਕਸਾਨ ਹੋਇਆ ਹੈ।
ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਕਤ ਅਕਾਲੀ ਆਗੂ ਲੋਕਾਂ ਨਾਲ ਠੱਗੀਆਂ ਮਾਰ ਕੇ ਉਸ ਦੇ ਪਤੀ ਤੋਂ ਚੈੱਕ ਆਦਿ ਦਿਵਾ ਦਿੰਦੀ ਸੀ ਜਿਸ ਕਾਰਨ ਅਕਸਰ ਹੀ ਲੋਕ ਉਨ੍ਹਾਂ ਦੇ ਘਰ ਆ ਕੇ ਉਸ ਦੇ ਪਤੀ ਨੂੰ ਪੈਸੇ ਦੀ ਵਾਪਸੀ ਲਈ ਤੰਗ ਕਰਦੇ ਸਨ। ਇਸ ਆੜ ‘ਚ ਇਸਤਰੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਉਸ ਦੇ ਪਤੀ ਨੂੰ ਬਲੈਕਮੇਲ ਕਰਦੀ ਰਹੀ ਹੈ ਜਿਸ ਕਾਰਨ ਉਹ ਅਕਸਰ ਹੀ ਡਿਪਰੈਸ਼ਨ ‘ਚ ਰਹਿੰਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣੇ ਮ੍ਰਿਤਕ ਪਤੀ ਦਾ ਸੰਸਕਾਰ ਨਹੀਂ ਕਰਨ ਦੇਣਗੇ।
ਜ਼ਿਕਰਯੋਗ ਹੈ ਕਿ ਬੀਤੇ ਲਗਪਗ ਦੋ ਵਰ੍ਹੇ ਪਹਿਲਾਂ ਇਸ ਮਸਲੇ ਨੂੰ ਲੈ ਕੇ ਇਸਤਰੀ ਆਗੂ ਦੀ ਮਹੰਤ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹੰਤ ਦੇ ਪਰਿਵਾਰ ਨੂੰ ਜੇਲ੍ਹ ਤਕ ਜਾਣਾ ਪਿਆ ਸੀ। ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤਕ ਪੁਲਿਸ ਪ੍ਰਸ਼ਾਸਨ ਵੱਲੋਂ ਐੱਸਪੀ ਰੁਪਿੰਦਰ ਭਾਰਦਵਾਜ ਨੇ ਡੀਐੱਸਪੀ ਤਪਾ ਰਵਿੰਦਰ ਰੰਧਾਵਾ, ਡੀਐੱਸਪੀ ਬਲਜੀਤ ਸਿੰਘ ਬਰਾੜ ਦੀ ਹਾਜ਼ਰੀ ‘ਚ ਦੱਸਿਆ ਕਿ ਪੁਲਿਸ ਥਾਣਾ ਤਪਾ ਵਿਖੇ ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਤੇ ਉਸ ਦੇ ਦੋ ਭਰਾਵਾਂ ਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਨ ਕਾਨੂੰਨ ਬਣਾਈ ਰੱਖਣ ਲਈ ਵੱਡੀ ਤੱਦਾਦ ‘ਚ ਡੇਰੇ ਦੇ ਬਾਹਰ ਪੁਲਿਸ ਤਾਇਨਾਤ ਸੀ। ਓਧਰ ਡੇਰੇ ਦੇ ਮਹੰਤ ਦੀ ਮੌਤ ਤੋਂ ਬਾਅਦ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਵੀ ਹਸਪਤਾਲ ‘ਚ ਜ਼ੇਰੇ ਇਲਾਜ ਦੱਸੀ ਜਾ ਰਹੀ ਹੈ।