ਪੋਜੇਵਾਲ/ਸੜੋਆ, 6 ਜੂਨ (ਵਿਸ਼ਵ ਵਾਰਤਾ) -ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਦੱਸਿਆ ਕਿ ਕਲ੍ਹ ਪਿੰਡ ਆਲੋਵਾਲ ਵਿਖੇ ਡੇਅਰੀ ਵਿਕਾਸ ਵਿਭਾਗ ਨਵਾਂਸ਼ਹਿਰ ਦੇ ਸਹਿਯੋਗ ਨਾਲ ਇੱਕ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੌਰਾਨ ਸੀਤਲ ਸਿੰਘ ਕੇ.ਆਰ.ਪੀ. ਵਲੋਂ ਪਸ਼ੂ ਪਾਲਣ ਤੋਂ ਵਧੇਰੇ ਮੁਨਾਫਾ ਲੈਣ ਲਈ ਪਸ਼ੂਆਂ ਦੀ ਖੁਰਾਕ ਉੱਤੇ ਹੋਣ ਵਾਲੇ ਖਰਚੇ ਘਟਾਉਣ ਸਬੰਧੀ ਨੁਕਤੇ ਸਾਂਝੇ ਕੀਤੇ। ਉਹਨਾਂ ਪਸ਼ੂ ਪਾਲਕਾਂ ਨੂੰ ਵੱਧ ਤੋਂ ਵੱਧ ਹਰੇ ਚਾਰੇ, ਸਾਈਲੇਜ਼ ਅਤੇ ਘਰ ਦੀ ਬਣੀ ਪਸ਼ੂ ਖੁਰਾਕ ਦੀ ਵਰਤੋਂ ਕਰਨ ਲਈ ਪ੍ਰੇਰਿਆ। ਡਾ. ਤੇਜਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ਼ ਦੇ ਕਾਰਨ, ਰੋਕਥਾਮ ਅਤੇ ਇਲਾਜ਼ ਸਬੰਧੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਲੋੜੀਂਦੀਆਂ ਖੁਰਾਕੀ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪਸ਼ੂਆਂ ਲਈ ਤਾਜ਼ੇ ਅਤੇ ਸਾਫ ਸੁਥਰੇ ਪਾਣੀ ਮਹਤੱਤਾ ਉੱਪਰ ਵਿਸ਼ੇਸ਼ ਜੋਰ ਦਿੱਤਾ ਜਾਵੇ।
ਹਰਵਿੰਦਰ ਸਿੰਘ, ਕਾਰਜਕਾਰੀ ਅਫਸਰ, ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਪਸ਼ੂ ਪਾਲਕਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਡੇਅਰੀ ਦਾ ਧੰਦਾ ਛੋਟੇ ਜਾਂ ਵਪਾਰਕ ਪੱਧਰ ਤੇ ਕਰਨਾ ਚਾਹੇਗਾ, ਵਿਭਾਗ ਉਨ੍ਹਾਂ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰੇਗਾ। ਡਾ. ਗੁਰਿੰਦਰ ਸਿੰਘ ਡਿਮਾਨਸਟ੍ਰੇਟਰ (ਪਸ਼ੂ ਵਿਗਿਆਨ) ਵਲੋਂ ਕਿਸਾਨ ਵੀਰਾਂ ਅਤੇ ਬੀਬੀਆਂ ਨਾਲ ਪਸ਼ੂਆਂ ਵਿੱਚ ਧਾਤਾਂ ਦੇ ਚੂਰੇ ਦੀ ਮਹਤੱਤਾ ‘ਤੇ ਚਾਨਣ ਪਾਇਆ ਅਤੇ ਨਾਲ ਹੀ ਚਿੱਚੜੀਆਂ, ਮਲ੍ਹੱਪਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਉਪਲੱਬਧ ਨਵੀਨਤਮ ਇਲਾਜ਼/ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤਿਲਕ ਰਾਜ ਸੂਦ ਸਰਪੰਚ ਪਿੰਡ ਆਲੋਵਾਲ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਉੱਤਮ ਕਿਸਮ ਦੇ ਟੀਕਿਆਂ ਰਾਹੀਂ ਪਸ਼ੂਆਂ ਵਿੱਚ ਨਸਲ ਸੁਧਾਰ ਸਬੰਧੀ ਪ੍ਰੇਰਿਆ ਅਤੇ ਵੱਖ-ਵੱਖ ਵਿਭਾਗਾਂ ਵਲੋਂ ਦਿੱਤੀ ਜਾ ਰਹੀ ਮਾਲੀ ਸਹਾਇਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਅੰਤ ਵਿੱਚ ਉਨ੍ਹਾਂ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਕੈਂਪ ਵਿੱਚ ਸ਼ਮੂਲੀਅਤ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਇਹ ਦੋਨੋ ਵਿਭਾਗ ਪਿੰਡ ਦੀ ਕਾਇਆ ਕਲਪ ਲਈ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ।
ਇਸ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਪਿੰਡ ਦੇ ਮੈਂਬਰ ਪੰਚਾਇਤ, ਨੰਬਰਦਾਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਪਿੰਡ ਆਲੋਵਾਲ ਵਿਖੇ ਲਾਏ ਗਏ ਡੇਅਰੀ ਸਿਖਲਾਈ ਕੈਂਪ ਨੂੰ ਸੰਬੋਧਨ ਕਰਦੇ ਮਾਹਿਰ।